ਉੱਤਰੀ ਕਨੈਕਟੀਕਟ, 04 ਜਨਵਰੀ : ਅਮਰੀਕਾ ਵਿੱਚ ਮੰਗਲਵਾਰ ਰਾਤ ਅਮਰੀਕਾ ਦੇ ਉੱਤਰੀ ਕਨੈਕਟੀਕਟ 'ਚ ਇਕ ਘਰ 'ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੌਰਾਨ ਘਰ ਦੇ ਚਾਰ ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਉਸ ਦੀ 19 ਸਾਲਾ ਭੈਣ ਨੇ ਆਪਣੀ ਜਾਨ ਬਚਾਉਣ ਲਈ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ। ਬਚਾਅ ਕਾਰਜ ਲਈ ਫਾਇਰਫਾਈਟਰਜ਼ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਫਾਇਰ ਅਧਿਕਾਰੀ ਜੌਹਨ ਰੋਸ਼ੇ ਨੇ ਦੱਸਿਆ ਕਿ ਰਾਤ ਕਰੀਬ 10.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅੱਗ ਬੁਝਾਊ ਅਮਲੇ ਪੰਜ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਏ। ਫਾਇਰਫਾਈਟਰਜ਼ ਅਤੇ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੋਮਰਸ ਸ਼ਹਿਰ ਵਿੱਚ ਇਸ ਘਟਨਾ ਵਿੱਚ ਮਰਨ ਵਾਲੇ ਬੱਚਿਆਂ ਦੀ ਉਮਰ 5 ਤੋਂ 12 ਸਾਲ ਦੇ ਵਿਚਕਾਰ ਸੀ ਅਤੇ ਉਹ ਆਪਣੀ ਮਾਂ ਅਤੇ ਤਿੰਨ ਹੋਰ ਭੈਣਾਂ-ਭਰਾਵਾਂ ਨਾਲ ਸਾਂਝੇ ਘਰ ਵਿੱਚ ਰਹਿੰਦੇ ਸਨ। ਟਾਊਨ ਫਸਟ ਸਿਲੈਕਟਮੈਨ ਟਿਮ ਕੀਨੀ ਨੇ ਕਿਹਾ ਕਿ ਘਟਨਾ ਦੇ ਸਮੇਂ ਬੱਚਿਆਂ ਦੀ ਮਾਂ ਘਰ ਨਹੀਂ ਸੀ ਅਤੇ ਉਸ ਦੀ 19 ਸਾਲਾ ਧੀ, ਜੋ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ, ਨੇ ਆਪਣੀ ਜਾਨ ਬਚਾਉਣ ਲਈ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਰਾਜ ਅਤੇ ਸਥਾਨਕ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਵਿੱਚ ਘਰ ਦੇ ਕੁਝ ਪਾਲਤੂ ਜਾਨਵਰਾਂ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ 19 ਸਾਲਾ ਧੀ ਅਤੇ ਉਸ ਦੇ ਦੋ ਭੈਣ-ਭਰਾ ਸਹੀ ਸਲਾਮਤ ਬਚ ਨਿਕਲੇ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂ ਕਿ ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।