ਸਕਾਟਲੈਂਡ, 31 ਦਸੰਬਰ : ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਪੈਮ ਗੋਸਲ ਨੂੰ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ। ਪੈਮ ਗੋਸਲ ਸਕਾਟਲੈਂਡ ਦੀ ਪਾਰਲੀਮੈਂਟ ਲਈ ਚੁਣੇ ਜਾਣ ਵਾਲੀ ਪਹਿਲੀ ਭਾਰਤੀ ਸਿੱਖ ਹੈ। ਦੱਸ ਦੇਈਏ ਕਿ ਬ੍ਰਿਟੇਨ ਵਿਚ ਨਵੇਂ ਸਾਲ ਮੌਕੇ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸ ਵਾਰ ਇਸ ਲਿਸਟ ਵਿਚ 10 ਤੋਂ ਵੱਧ ਸਿੱਖ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਵਿਚ ਪੈਮ ਗੋਸਲ ਦਾ ਨਾਂ ਵੀ ਸ਼ਾਮਲ ਹੈ।ਪੈਮ ਗੋਸਲ ਨੇ ਮਈ 2021 ਵਿਚ ਸਕਾਟਲੈਂਡ ਦੀ ਪਾਰਲੀਮੈਂਟ ਵਿਚ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਜਪੁ ਜੀ ਸਾਹਿਬ ਦਾ ਪਾਠ ਕੀਤਾ ਸੀ। ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਮੈਂਬਰ ਹਨ। ਪੈਮ ਗੋਸਲ ਨੂੰ ਯੂਕੇ ਵਿਚ ਰਹਿੰਦੇ ਲੋਕਾਂ ਦੀ ਭਲਾਈ ਅਤੇ ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਪਾਰ ਅਤੇ ਜਿਨਸੀ ਸਮਾਨਤਾ ਲਈ ਕੰਮ ਕਰਨ ਵਾਸਤੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐਵਾਰਡ ਲਈ ਨਾਂ ਚੁਣੇ ਜਾਣ ‘ਤੇ ਪੈਮ ਗੋਸਲ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ ਤੇ ਇਸ ਲਈ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਪੈਮ ਗੋਸਲ ਨੇ ਲਿਖਿਆ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਸਮਾਜ ਸੇਵਾ ਵਿਚ ਸਹਿਯੋਗ ਦੇਣ, ਵਪਾਰ ਨੂੰ ਵਧਾਉਣ ਅਤੇ ਜਿਨਸੀ ਸਮਾਨਤਾ ਲਿਆਉਣ ਪ੍ਰਤੀ ਕੰਮ ਕਰਨ ਲਈ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਹ ਕੰਮ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਮੈਂ ਹਮੇਸ਼ਾ ਅੱਗੇ ਵੀ ਇਨ੍ਹਾਂ ਟੀਚਿਆਂ ਪ੍ਰਤੀ ਕੋਸ਼ਿਸ਼ਾਂ ਕਰਦੀ ਰਹਾਂਗੀ।