ਵੈਨਕੁਵਰ, 03 ਸਤੰਬਰ (ਬੱਬੂ) : ਕੈਨੇਡਾ ‘ਚ ਆਏ ਦਿਨ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ, ਹਰ ਰੋਜ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਦੁੱਖਦਾਈ ਖਬਰ ਸੁਣਨ ਨੂੰ ਮਿਲ ਰਹੀ ਹੈ। ਅਜਿਹੀਆਂ ਹੀ ਦੋ ਹੋਰ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ, ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਸਲਾਣੀ (ਅਮਲੋਹ) ਤੋਂ ਆਪਣੀ ਪੀਐਚਡੀ ਦੀ ਪੜ੍ਹਾਈ ਕਰਨ ਉਪਰੰਤ ਤਕਰੀਬਨ 4 ਮਹੀਨੇ ਪਹਿਲਾਂ ਕੈਨੇਡਾ ਆਏ ਨੌਜਵਾਨ ਹਰਪ੍ਰੀਤ ਸਿੰਘ (31) ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕ ਦੇ ਭਰਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਹਰਪ੍ਰੀਤ ਸਿੰਘ ਅਲਬਰਟਾ ਉਸ ਕੋਲ ਰਹਿ ਰਿਹਾ ਸੀ। ਜਿਸ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਇਸੇ ਹੀ ਤਰ੍ਹਾਂ ਪਿਛਲੇ ਸਾਲ ਪੜ੍ਹਾਈ ਕਰਨ ਲਈ ਕੈਨੇਡਾ ਆਏ ਸੁਰਿੰਦਰ ਸਿੰਘ ਗਿੱਲ ਦੀ ਵੀ ਕੈਨੇਡਾ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਸੁਰਿੰਦਰ ਦੀ ਮੌਤ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਾ, ਪਰ ਨੌਜਵਾਨ ਪੰਜਾਬ ਦੇ ਪਿੰਡ ਕਕਰਾਲਾ ਭਾਈਕਾ (ਸਮਾਣਾ) ਦਾ ਵਸਨੀਕ ਸੀ।