ਤੁਰਕੀ ਅਤੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 7,800 ਤੋਂ ਵਧੀ, 42,259 ਜ਼ਖਮੀ

ਅੰਕਾਰਾ, ਏਜੰਸੀ : ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਸਵੇਰੇ ਆਏ 7.8 ਤੀਬਰਤਾ ਦੇ ਭੂਚਾਲ ਅਤੇ ਕਈ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 7,800 ਤੱਕ ਪਹੁੰਚ ਗਈ ਹੈ। ਤੁਰਕੀ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5894 ਹੋ ਗਈ ਹੈ ਜਦਕਿ ਸੀਰੀਆ ਵਿੱਚ ਵੀ ਭੂਚਾਲ ਕਾਰਨ 1932 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੁਰਕੀ ਦੇ ਰਾਸ਼ਟਰਪਤੀ ਤੈਯਪ ਏਰਦੋਗਨ ਨੇ ਭੂਚਾਲ ਨਾਲ ਪ੍ਰਭਾਵਿਤ ਦੇਸ਼ ਦੇ 10 ਦੱਖਣੀ ਸੂਬਿਆਂ ਵਿੱਚ ਤਿੰਨ ਮਹੀਨਿਆਂ ਲਈ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਤੇਜ਼ ਕਰਨ ਲਈ  ਕਿਹਾ ਹੈ। ਜ਼ਖਮੀਆਂ ਦੀ ਗਿਣਤੀ ਵੀ 42,259 ਨੂੰ ਪਾਰ ਕਰ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਜ਼ਾਰਾਂ ਲੋਕ ਅਜੇ ਵੀ ਮਲਬੇ 'ਚ ਫਸੇ ਹੋਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹੁਣ ਤੱਕ ਕਰੀਬ ਅੱਠ ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਕਈ ਦਹਾਕਿਆਂ ਬਾਅਦ ਅਜਿਹੇ ਵਿਨਾਸ਼ਕਾਰੀ ਭੂਚਾਲ ਕਾਰਨ ਸਥਿਤੀ ਬਹੁਤ ਡਰਾਉਣੀ ਹੈ। ਇਮਾਰਤਾਂ, ਸੜਕਾਂ, ਵਾਹਨਾਂ ਸਮੇਤ ਸਭ ਕੁਝ ਤਬਾਹ ਹੋ ਗਿਆ ਹੈ। ਹਰ ਪਾਸੇ ਮਲਬਾ ਹੀ ਨਜ਼ਰ ਆ ਰਿਹਾ ਹੈ। ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਦਿਖਾਈ ਦੇ ਰਹੀਆਂ ਹਨ ਅਤੇ ਲੋਕ ਆਪਣੇ ਨਜ਼ਦੀਕੀਆਂ ਨੂੰ ਲੱਭ ਰਹੇ ਹਨ। ਮਲਬੇ 'ਚੋਂ ਲਗਾਤਾਰ ਲਾਸ਼ਾਂ ਨਿਕਲ ਰਹੀਆਂ ਹਨ ਅਤੇ ਸੜਕਾਂ 'ਤੇ ਦੌੜਦੀਆਂ ਐਂਬੂਲੈਂਸਾਂ, ਪੁਲਿਸ ਦੇ ਸਾਇਰਨ ਅਤੇ ਪੀੜਤਾਂ ਦੀਆਂ ਚੀਕਾਂ ਖੁਦ ਸਾਰੀ ਸਥਿਤੀ ਬਿਆਨ ਕਰ ਰਹੀਆਂ ਹਨ। ਹਸਪਤਾਲ ਵੀ ਜ਼ਖਮੀਆਂ ਨਾਲ ਭਰੇ ਪਏ ਹਨ। ਰਾਹਤ ਅਤੇ ਬਚਾਅ ਟੀਮਾਂ ਹਰ ਪਲ ਮਦਦ ਕਰਨ ਵਿੱਚ ਜੁਟੀਆਂ ਹੋਈਆਂ ਹਨ। ਬਚਾਅ ਕਰਮਚਾਰੀ ਸਾਵਧਾਨੀ ਨਾਲ ਕੰਕਰੀਟ ਦੇ ਪੱਥਰ ਅਤੇ ਲੋਹੇ ਦੀਆਂ ਰਾਡਾਂ ਨੂੰ ਹਟਾ ਰਹੇ ਹਨ ਤਾਂ ਜੋ ਕਿਸੇ ਵੀ ਬਚੇ ਹੋਏ ਵਿਅਕਤੀ ਨੂੰ, ਜੇ ਕੋਈ ਹੋਵੇ, ਨੂੰ ਸੁਰੱਖਿਅਤ ਢੰਗ ਨਾਲ ਮਲਬੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਜਦੋਂ ਮਲਬੇ ਵਿੱਚੋਂ ਕਿਸੇ ਦੀ ਚੀਕ-ਚਿਹਾੜਾ ਸੁਣਾਈ ਦਿੰਦਾ ਹੈ ਤਾਂ ਬਚਾਅ ਦਲ ਬੜੇ ਉਤਸ਼ਾਹ ਨਾਲ ਆਪਣੇ ਮਿਸ਼ਨ ਵਿੱਚ ਜੁੱਟ ਜਾਂਦੇ ਹਨ। ਜ਼ਿੰਦਾ ਬਚਾਏ ਜਾਣ ਦੀ ਸੂਰਤ ਵਿੱਚ ਲੋਕ ਨਾਅਰੇਬਾਜ਼ੀ ਕਰਕੇ ਇਨ੍ਹਾਂ ਟੀਮਾਂ ਦਾ ਸਵਾਗਤ ਕਰ ਰਹੇ ਹਨ।

photo