ਹਵਾਈ, 13 ਅਗਸਤ : ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ ‘ਚ ਅੱਗ ਲੱਗਣ ਕਾਰਨ ਮੌਤਾਂ ਦੀ ਗਿਣਤੀ 93 ਤਕ ਪਹੁੰਚ ਗਈ ਹੈ। ਜੰਗਲਾਂ ਵਿੱਚ ਪਿਛਲੇ 100 ਸਾਲਾਂ ਵਿੱਚ ਇਹ ਸਭ ਤੋਂ ਭਿਆਨਕ ਅੱਗ ਹੈ। ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸੀਐਨਐਨ ਮੁਤਾਬਕ ਗਵਰਨਰ ਨੇ ਦੱਸਿਆ ਕਿ ਅੱਗ ਕਾਰਨ ਹਵਾਈ ਵਿੱਚ 49.77 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮਾਉਈ ਅਤੇ ਲਹਾਇਨਾ ਵਰਗੇ ਸ਼ਹਿਰਾਂ ਵਿੱਚ 2 ਹਜ਼ਾਰ ਤੋਂ ਵੱਧ ਇਮਾਰਤਾਂ ਸੁਆਹ ਹੋ ਚੁਕੀਆਂ ਹਨ। ਗਵਰਨਰ ਗ੍ਰੀਨ ਮੁਤਾਬਕ ਹਰ ਰੋਜ਼ ਕਰੀਬ 15,000 ਲੋਕਾਂ ਨੂੰ ਘਰ ਛੱਡਣਾ ਪੈਂਦਾ ਹੈ। ਦੂਜੇ ਪਾਸੇ ਜਿਹੜੇ ਲੋਕ ਹੁਣ ਵਾਪਸ ਪਰਤ ਰਹੇ ਹਨ, ਉਹ ਆਪਣੇ ਸੜੇ ਹੋਏ ਘਰਾਂ ਨੂੰ ਦੇਖ ਕੇ ਹੈਰਾਨ ਹਨ। ਹਵਾਈ ਦੇ ਕਹੁਲੁਈ ਹਵਾਈ ਅੱਡੇ ਦਾ ਇੱਕ ਰਨਵੇ ਰਾਹਤ ਸਮੱਗਰੀ ਲਈ ਰਾਖਵਾਂ ਰੱਖਿਆ ਗਿਆ ਹੈ। ਸੀਐਨਐਨ ਮੁਤਾਬਕ ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਨੇ ਮਾਉਈ ਵਿੱਚ 85 ਫੀਸਦੀ ਅੱਗ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਲਹਾਇਨਾ ‘ਚ ਪੁਲੇਹੂ ਦੇ ਜੰਗਲਾਂ ‘ਚ ਲੱਗੀ ਅੱਗ ਨੂੰ ਵੀ 80 ਫੀਸਦੀ ਤੱਕ ਬੁਝਾਇਆ ਜਾ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਜੰਗਲ ਦੀ ਅੱਗ ਸ਼ਹਿਰ ਦੇ ਦਰੱਖਤਾਂ ਦੀਆਂ ਜੜ੍ਹਾਂ ਤੱਕ ਪਹੁੰਚ ਗਈ ਹੈ। ਅੱਗ ਬੁਝਾਉਣ ਲਈ ਹੈਲੀਕਾਪਟਰਾਂ ਤੋਂ ਪਾਣੀ ਸੁੱਟੇ ਜਾਣ ਦੇ ਬਾਵਜੂਦ ਜ਼ਮੀਨ ਹੇਠਾਂ ਦਰੱਖਤਾਂ ਦੀਆਂ ਜੜ੍ਹਾਂ ਸੜ ਰਹੀਆਂ ਹਨ, ਜਿਸ ਕਾਰਨ ਅੱਗ ਦੁਬਾਰਾ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ 2018 ਵਿੱਚ ਕੈਲੀਫੋਰਨੀਆ ਵਿੱਚ ਕੈਂਪ ਫਾਇਰ ਕਾਰਨ 85 ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਿੱਚ ਕਰੀਬ 18 ਹਜ਼ਾਰ ਘਰ, ਇਮਾਰਤਾਂ ਅਤੇ ਦਫ਼ਤਰ ਸੜ ਗਏ ਸਨ। ਅੱਗ ਲੱਗਣ ਕਾਰਨ 1.53 ਲੱਖ ਏਕੜ ਰਕਬਾ ਸੜ ਗਿਆ।