ਬੀਜਿੰਗ, 28 ਜੂਨ : ਅਮਰੀਕੀ ਖੁਫ਼ੀਆ ਏਜੰਸੀਆਂ ਵਲੋਂ ਜਾਰੀ ਰੀਪੋਰਟ ’ਚ ਕਿਹਾ ਗਿਆ ਸੀ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕੋਵਿਡ-19 ਦਾ ਜਨਮ ਕਿਸੇ ਪ੍ਰਯੋਗਸ਼ਾਲਾ ’ਚ ਹੋਇਆ ਸੀ ਜਾਂ ਇਹ ਕਿਸੇ ਜਾਨਵਰ ਤੋਂ ਮਨੁੱਖਾਂ ’ਚ ਆਇਆ ਸੀ। ਪਰ ਅਸਲੀਅਤ ਹੁਣ ਹੋਰ ਹੀ ਸਾਹਮਣੇ ਆ ਰਹੀ ਹੈ, ਜਾਨਲੇਵਾ ਸਾਰਸ-ਕੋਵ-2 ਵਾਇਰਸ, ਜੋ ਕਿ ਕੋਵਿਡ-19 ਫੈਲਣ ਦਾ ਕਾਰਨ ਸੀ, ਨੂੰ ਚੀਨ ਵਲੋਂ ਜਾਣਬੁਝ ਕੇ ‘ਜੈਵਿਕ ਹਥਿਆਰ’ ਦੇ ਤੌਰ ’ਤੇ ਬਦਨਾਮ ‘ਵੂਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ’ ਵਲੋਂ ਤਿਆਰ ਕੀਤਾ ਗਿਆ ਸੀ। ਚੀਨ ਦੇ ਜੰਮਪਲ ਮਨੁੱਖੀ ਅਧਿਕਾਰ ਕਾਰਕੁਨ ਅਤੇ ਲੇਖਕ ਜੈਨੀਫ਼ਰ ਜੇਂਗ ਵਲੋਂ ਕੀਤੀ ਇਕ ਇੰਟਰਵਿਊ ’ਚ ਚਾਓ ਸ਼ਾਓ ਨੇ ਦਾਅਵਾ ਕੀਤਾ ਹੈ ਕਿ ਖੋਜਾਰਥੀਆਂ ਨੂੰ ਇਨਸਾਨਾਂ ਸਮੇਤ ਵੱਖੋ-ਵੱਖ ਜਾਨਵਰਾਂ ’ਚ ਫੈਲਣ ਵਾਲੇ ਸਭ ਤੋਂ ਅਸਰਦਾਰ ਵਾਇਰਸ ਦੀ ਖੋਜ ਕਰਨ ਲਈ ਕਿਹਾ ਗਿਆ ਸੀ। ਚਾਓ ਸ਼ਾਓ ਨੇ ਇੰਸਟੀਚਿਊਟ ਦੇ ਇਕ ਹੋਰ ਖੋਜਾਰਥੀ ਸ਼ਾਨ ਚਾਓ ਵਲੋਂ ਕੀਤੇ ਪ੍ਰਗਟਾਵੇ ਦਾ ਵੀ ਹਵਾਲਾ ਦਿਤਾ, ਜਿਸ ਨੇ ਮੰਨਿਆ ਸੀ ਕਿ ਉਸ ਨੂੰ ਕੋਰੋਨਾ ਵਾਇਰਸ ਦੀਆਂ ਚਾਰ ਕਿਸਮਾਂ ਇਹ ਜਾਂਚ ਕਰਨ ਲਈ ਦਿਤੀਆਂ ਗਈਆਂ ਸਨ ਕਿ ਕਿਸ ’ਚ ਲੋਕਾਂ ਅੰਦਰ ਫੈਲਣ ਦੀ ਸਭ ਤੋਂ ਵੱਧ ਸਮਰਥਾ ਹੈ। ਸ਼ਾਓ ਸ਼ਾਓ ਨੇ ਦਾਅਵਾ ਕੀਤਾ ਕਿ ਉਸ ਦੇ ਕਈ ਸਾਥੀਆਂ ਨੂੰ 2019 ਦੀਆਂ ਫ਼ੌਜੀ ਵਿਸ਼ਵ ਖੇਡਾਂ ਖੇਡਣ ਲਈ ਆਏ ਅਥਲੀਟਾਂ ਦੇ ਹੋਟਲਾਂ ’ਚ ਉਨ੍ਹਾਂ ਦੀ ਸਹਿਤ ਜਾਂਚ ਦੇ ਬਹਾਨੇ’ ਭੇਜਿਆ ਗਿਆ ਸੀ। ਹਾਲਾਂਕਿ ਚਾਓ ਸ਼ਾਓ ਨੂੰ ਸ਼ੱਕ ਹੈ ਕਿ ਉਨ੍ਹਾਂ ਨੂੰ ਵਾਇਰਸ ਫੈਲਾਉਣ ਲਈ ਭੇਜਿਆ ਗਿਆ ਸੀ। ਚਾਓ ਸ਼ਾਓ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਉਸ ਕੋਲ ਜੋ ਸੂਚਨਾ ਹੈ ਉਹ ਬਹੁਤ ਘੱਟ ਹੈ। ਦੁਨੀਆਂ ਭਰ ’ਚ 70 ਲੱਖ ਲੋਕਾਂ ਦੀ ਜਾਨ ਲੈਣ ਵਾਲੇ ਕੋਰੋਨਾ ਵਾਇਰਸ ਦੇ ਜਨਮ ਬਾਰੇ ਜਾਂਚ ਅਜੇ ਵੀ ਚਲ ਰਹੀ ਹੈ।