ਨਿਊਯਾਰਕ, 25 ਜੂਨ : ਅਮਰੀਕੀ ਸਰਕਾਰ ਦੀ ਨਵੀਂ ਜਾਰੀ ਰੀਪੋਰਟ ਕੋਰੋਨਾ ਵਾਇਰਸ ਦੇ ਪੈਦਾ ਹੋਣ ਦੀ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਹੈ ਕਿ ਦੁਨੀਆਂ ਭਰ ’ਚ 76.8 ਕਰੋੜ ਤੋਂ ਵੱਧ ਲੋਕਾਂ ਨੂੰ ਬੀਮਾਰ ਕਰਨ ਵਾਲੀ ਅਤੇ 69 ਲੱਖ ਤੋਂ ਵੱਧ ਮੌਤਾਂ ਲਈ ਜ਼ਿੰਮੇਵਾਰ ਮਹਾਮਾਰੀ ਦੀ ਸ਼ੁਰੂਆਤ ਇਕ ਪ੍ਰਯੋਗਸ਼ਾਲਾ ’ਚ ਰਿਸਾਅ ਦਾ ਨਤੀਜਾ ਸੀ ਜਾਂ ਕਿਸੇ ਜਾਨਵਰ ਤੋਂ ਵਾਇਰਸ ਇਨਸਾਨਾਂ ਤਕ ਪਹੁੰਚ ਗਿਆ। ਹਾਲਾਂਕਿ ਸਾਰਿਆਂ ਦਾ ਮੰਨਣਾ ਹੈ ਕਿ ਇਸ ਦਾ ਜੈਵਿਕ ਹਥਿਆਰ ਦੇ ਰੂਪ ’ਚ ਪ੍ਰਯੋਗ ਨਹੀਂ ਕੀਤਾ ਗਿਆ। ਮਹਾਮਾਰੀ ਤੋਂ ਦੋ ਸਾਲ ਤੋਂ ਵੱਧ ਸਮੇਂ ਬਾਅਦ, ਕੋਵਿਡ-19 ਦੇ ਪੈਦਾ ਹੋਣ ’ਤੇ ਅਸਪਸ਼ਟਤਾ ਬਣੀ ਹੋਈ ਹੈ ਅਤੇ ਵਿਗਿਆਨੀ ਬਹਿਸ ਦਾ ਵਿਸ਼ਾ ਰਿਹਾ ਹੈ ਕਿ ਕੋਰੋਨਾ ਵਾਇਰਸ ਦਾ ਸਰੋਤ ਇਕ ਲਾਗ ਵਾਲੇ ਜਾਨਵਰ ਜਾਂ ਪ੍ਰਯੋਗਸ਼ਾਲਾ ਦੀ ਘਟਨਾ ਦਾ ਨਤੀਜਾ ਸੀ। ਰੀਪੋਰਟ ’ਚ ਕਿਹਾ ਗਿਆ ਹੈ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਲਗਭਗ ਸਾਰੀਆਂ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਸਾਰਸ-ਕੋਵ-2 ਜੈਨੇਟੀਕਲੀ ਇੰਜੀਨੀਅਰਡ ਨਹੀਂ ਸੀ। ਇਸ ’ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਏਜੰਸੀਆਂ ਦਾ ਕਹਿਣਾ ਹੈ ਕਿ ਸਾਰਸ-ਕੋਵ-2 ਪ੍ਰਯੋਗਸ਼ਾਲਾ ’ਚ ਨਹੀਂ ਬਣਾਇਆ ਗਿਆ ਸੀ। ਕੁਝ ਏਜੰਸੀਆਂ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀਆਂ। ਸਾਰੀਆਂ ਖੁਫ਼ੀਆ ਏਜੰਸੀਆਂ ਦਾ ਕਹਿਣਾ ਹੈ ਕਿ ਸਾਰਸ-ਕੋਵ-2 ਨੂੰ ਜੈਵਿਕ ਹਥਿਆਰ ਦੇ ਰੂਪ ’ਚ ਵਿਕਸਤ ਨਹੀਂ ਕੀਤਾ ਗਿਆ ਸੀ। ਰਾਸ਼ਟਰਪਤੀ ਜੋਅ ਬਾਈਡਨ ਨੇ ਮਈ 2021 ’ਚ ਅਮਰੀਕੀ ਖੁਫ਼ੀਆ ਏਜੰਸੀਆਂ ਨੂੰ ਵਾਇਰਸ ਦੇ ਜਨਮ ਦੀ ਜਾਂਚ ਕਰਨ ਦਾ ਹੁਕਮ ਦਿਤਾ ਸੀ। ਨਵੀਂ ਰੀਪੋਰਟ ’ਚ ਨੈਸਨਲ ਇੰਟੈਲੀਜੈਂਸ ਕੌਂਸਲ ਅਤੇ ਚਾਰ ਹੋਰ ਬੇਨਾਮ ਏਜੰਸੀਆਂ ਨੇ ਕਿਹਾ ਹੈ ਕਿ ਕੋਵਿਡ-19 ਬੀਮਾਰੀ ਦੇ ਵਾਇਰਸ ਸਾਰਸ-ਕੋਵ-2 ਵਾਇਰਸ ਦਾ ਸਭ ਤੋਂ ਵੱਧ ਸੰਭਾਵਤ ਕਾਰਨ ਕੁਦਰਤੀ ਲਗਦਾ ਹੈ, ਸ਼ਾਇਦ ਇਹ ਕਿਸੇ ਜਾਨਵਰ ਤੋਂ ਇਨਸਾਨਾਂ ’ਚ ਫੈਲਿਆ ਹੋਵੇਗਾ, ਇਸ ਤੋਂ ਉਲਟ, ਊਰਜਾ ਵਿਭਾਗ ਅਤੇ ਫ਼ੈਡਰਲ ਜਾਂਚ ਬਿਊਰੋ (ਐਫ਼.ਬੀ.ਆਈ.) ਦਾ ਕਹਿਣਾ ਹੈ ਕਿ ਸਾਰਸ-ਕੋਵ-2 ਦੀ ਪਹਿਲੀ ਮਨੁੱਖੀ ਲਾਗ ਸ਼ਾਇਦ ਕਿਸੇ ਪ੍ਰਯੋਗਸ਼ਾਲਾ ’ਚ ਲੱਗੀ ਹੋਵੇਗੀ। ਰੀਪੋਰਟ ਅਨੁਸਾਰ ਸੈਂਟਰਲ ਇੰਟੈਲੀਜੈਂਸ ਏਜੰਸੀ ਅਤੇ ਇਕ ਹੋਰ ਬੇਨਾਮ ਏਜੰਸੀ ਦਾ ਕਹਿਣਾ ਹੈ ਕਿ ਉਹ ਕੋਵਿਡ ਮਹਾਮਾਰੀ ਦਾ ਸਟੀਕ ਉਤਪਤੀ ਮਿੱਥਣ ’ਚ ਅਸਮਰੱਥ ਹੈ।