ਟੋਰਾਟੋਂ, 29 ਸਤੰਬਰ : ਕੈਨੇਡਾ - ਭਾਰਤ ਨਾਲ ਨਜ਼ਦੀਕੀ ਸਬੰਧ ਸਥਾਪਤ ਕਰਨ ਨੂੰ ਲੈ ਕੇ ‘ਬਹੁਤ ਗੰਭੀਰ’ ਹੈ ਕਿਉਂਕਿ ਉਸ ਦੀ ਆਰਥਿਕ ਤਾਕਤ ਵਧ ਰਹੀ ਹੈ ਅਤੇ ਇਹ ਇਕ ਮਹੱਤਵਪੂਰਨ ਭੂ-ਰਾਜਨੀਤਿਕ ਭਾਈਵਾਲ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ, ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ-ਕੈਨੇਡਾ ਨਾਲ ਮਿਲ ਕੇ ਕੰਮ ਕਰੇ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਪੂਰਾ ਸੱਚ ਸਾਹਮਣੇ ਲਿਆਂਦਾ ਜਾਵੇ। ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿਚ 18 ਜੂਨ ਨੂੰ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟਾਂ ਦੀ ‘ਸੰਭਵ’ ਸ਼ਮੂਲੀਅਤ ਦਾ ਦੋਸ਼ ਲਾਇਆ ਹੈ, ਜਿਸ ਨਾਲ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ ਹੈ। ਭਾਰਤ ਨੇ 2020 ਵਿਚ ਨਿੱਝਰ ਨੂੰ ਅਤਿਵਾਦੀ ਘੋਸ਼ਿਤ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ "ਬੇਹੁਦਾ" ਅਤੇ "ਨਿਰਧਾਰਤ ਹਿੱਤਾਂ ਤੋਂ ਪ੍ਰੇਰਿਤ" ਦੱਸਦਿਆਂ ਰੱਦ ਕਰ ਦਿੱਤਾ ਹੈ। ਇਸ ਮਾਮਲੇ 'ਤੇ ਇਕ ਭਾਰਤੀ ਅਧਿਕਾਰੀ ਨੂੰ ਕੈਨੇਡਾ ਤੋਂ ਕੱਢੇ ਜਾਣ ਤੋਂ ਬਾਅਦ ਇਸ ਨੇ ਇਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਭਾਰਤ ਤੋਂ ਕੱਢ ਕੇ ਬਦਲਾ ਲਿਆ। ‘ਦਿ ਨੈਸ਼ਨਲ ਪੋਸਟ’ ਅਖ਼ਬਾਰ ਮੁਤਾਬਕ ਟਰੂਡੋ ਨੇ ਕਿਹਾ ਕਿ ਭਾਰਤ ਖ਼ਿਲਾਫ਼ ‘ਭਰੋਸੇਯੋਗ ਦੋਸ਼ਾਂ’ ਦੇ ਬਾਵਜੂਦ ਕੈਨੇਡਾ ਉਸ ਨਾਲ ਨੇੜਲੇ ਸਬੰਧ ਸਥਾਪਤ ਕਰਨ ਲਈ ਵਚਨਬੱਧ ਹੈ। ਟਰੂਡੋ ਨੇ ਮਾਂਟਰੀਅਲ ਵਿਚ ਇੱਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ 'ਤੇ ਇਸ ਦੀ ਵਧਦੀ ਮਹੱਤਤਾ ਨੂੰ ਦੇਖਦੇ ਹੋਏ ਕੈਨੇਡਾ ਅਤੇ ਇਸ ਦੇ ਸਹਿਯੋਗੀਆਂ ਲਈ ਭਾਰਤ ਨਾਲ "ਉਸਾਰੂ ਅਤੇ ਗੰਭੀਰਤਾ" ਨਾਲ ਜੁੜਨਾ "ਨਾਜ਼ੁਕ ਤੌਰ 'ਤੇ ਮਹੱਤਵਪੂਰਨ" ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ “ਭਾਰਤ ਇੱਕ ਵਧਦੀ ਆਰਥਿਕ ਸ਼ਕਤੀ ਅਤੇ ਮਹੱਤਵਪੂਰਨ ਭੂ-ਰਾਜਨੀਤਿਕ ਭਾਈਵਾਲ ਹੈ ਅਤੇ ਜਿਵੇਂ ਕਿ ਅਸੀਂ ਪਿਛਲੇ ਸਾਲ ਆਪਣੀ ਇੰਡੋ-ਪੈਸੀਫਿਕ ਰਣਨੀਤੀ ਵਿਚ ਕਿਹਾ ਸੀ, ਅਸੀਂ ਭਾਰਤ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਬਹੁਤ ਗੰਭੀਰ ਹਾਂ।" “ਇਸ ਦੇ ਨਾਲ ਹੀ, ਕਾਨੂੰਨ ਦੇ ਸ਼ਾਸਨ ਦੀ ਪਾਲਣਾ ਕਰਨ ਵਾਲੇ ਦੇਸ਼ ਵਜੋਂ, ਸਾਨੂੰ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਭਾਰਤ ਨੂੰ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਕੇਸ (ਨਿੱਜਰ ਦੇ ਕਤਲ) ਦੇ ਪੂਰੇ ਤੱਥ ਸਾਹਮਣੇ ਆਉਣ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਭਰੋਸਾ ਮਿਲਿਆ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਦੌਰਾਨ ਨਿੱਝਰ ਦੀ ਹੱਤਿਆ ਵਿਚ ਭਾਰਤ ਦੀ ਭੂਮਿਕਾ ਬਾਰੇ ਦੋਸ਼ਾਂ ਨੂੰ ਜਨਤਕ ਤੌਰ 'ਤੇ ਉਠਾਉਣਗੇ। ਹਾਲਾਂਕਿ, ਅਮਰੀਕੀ ਵਿਦੇਸ਼ ਵਿਭਾਗ, ਬਲਿੰਕਨ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਿਚਾਲੇ ਹੋਈ ਮੁਲਾਕਾਤ ਦੇ ਸਬੰਧ ਵਿਚ ਦਿੱਤੀ ਗਈ ਜਾਣਕਾਰੀ ਵਿਚ ਇਹ ਨਹੀਂ ਦੱਸਿਆ ਗਿਆ ਕਿ ਦੋਵਾਂ ਨੇਤਾਵਾਂ ਨੇ ਭਾਰਤ-ਕੈਨੇਡਾ ਦੇ ਕੂਟਨੀਤਕ ਰੁਕਾਵਟ 'ਤੇ ਚਰਚਾ ਕੀਤੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕੈਨੇਡਾ ਇਸ ਮਾਮਲੇ ਵਿਚ ਭਾਰਤ ਸਰਕਾਰ ਤੱਕ ਆਪਣੀ ਪਹੁੰਚ ਸਮੇਤ ਕਾਨੂੰਨ ਦੇ ਸ਼ਾਸਨ ਦੇ ਅੰਦਰ ਰਹਿੰਦਿਆਂ “ਸੋਚ ਕੇ, ਜ਼ਿੰਮੇਵਾਰ ਤਰੀਕੇ ਨਾਲ” ਅੱਗੇ ਵਧ ਰਿਹਾ ਹੈ। ਟਰੂਡੋ ਨੇ ਸਭ ਤੋਂ ਪਹਿਲਾਂ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼’ ਵਿਚ ਨਿੱਝਰ ਦੇ ਕਤਲ ਬਾਰੇ ਜਨਤਕ ਤੌਰ ’ਤੇ ਦੋਸ਼ ਲਾਏ ਸਨ।