ਵੇਨਿਸ, 4 ਅਕਤੂਬਰ : ਇਟਲੀ ਦੇ ਵੇਨਿਸ ਸ਼ਹਿਰ ਵਿੱਚ ਇੱਕ ਬੱਸ ਓਵਰਪਾਸ ਤੋਂ ਡਿੱਗ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਤੇ ਇਸ ਹਾਦਸੇ ਵਿੱਚ 2 ਬੱਚਿਆਂ ਸਣੇ 21 ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ ਹਾ.ਦਸੇ ਵਿਚ 18 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਜ਼ਖਮੀਆਂ ਵਿੱਚੋਂ 4 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੱਸ ਵਿੱਚ ਕੁੱਲ 40 ਲੋਕ ਸਵਾਰ ਸਨ । ਇਨ੍ਹਾਂ ਵਿੱਚ ਯੂਕਰੇਨੀਆਂ ਸਣੇ ਵਿਦੇਸ਼ੀ ਸੈਲਾਨੀ ਵੀ ਸ਼ਾਮਿਲ ਸਨ । ਸਥਾਨਕ ਮੀਡੀਆ ਨੇ ਦੱਸਿਆ ਕਿ ਬੱਸ ਮੇਸਤਰੇ ਦੇ ਰੇਲਵੇ ਟ੍ਰੈਕ ਦੇ ਨੇੜੇ ਡਿੱਗੀ ਸੀ, ਜੋ ਪੁਲ ਰਾਹੀਂ ਵੇਨਿਸ ਨਾਲ ਜੁੜਿਆ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਹਾ.ਦਸਾ ਸਵੇਰੇ 7:45 ਵਜੇ ਵਾਪਰਿਆ। ਜਿੱਥੇ ਬੱਸ ਕਰੀਬ 50 ਫੁੱਟ ਦੀ ਉਚਾਈ ਤੋਂ ਬਿਜਲੀ ਦੀਆਂ ਤਾਰਾਂ ‘ਤੇ ਡਿੱਗੀ ਅਤੇ ਉਸ ਵਿੱਚ ਅੱਗ ਲੱਗ ਗਈ।
ਪ੍ਰਧਾਨ ਮੰਤਰੀ ਮੇਲੋਨੀ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਇਟਲੀ ਦੇ ਪ੍ਰਧਾਨ ਮੰਤਰੀ ਜਿਓਰਜਿਆ ਮੇਲੋਨੀ ਨੇ ਇਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਕਿ ਉਹ ਇਸ ਘਟਨਾ ‘ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਹਮਦਰਦੀ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੇ ਦੋਸਤਾਂ ਦੇ ਨਾਲ ਹੈ।