ਬੋਗੋਟਾ, 23 ਜੁਲਾਈ : ਉੱਤਰ-ਪੂਰਬੀ ਕੋਲੰਬੀਆ ਵਿਖੇ ਇਕ ਬੱਸ ਹਾਦਸਾਗ੍ਰਸਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 30 ਹੋਰ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਸ਼ਨਿੱਚਰਵਾਰ ਨੂੰ ਸੈਂਟੇਂਡਰ ਦੇ ਉੱਤਰ-ਪੂਰਬੀ ਗਵਰਨੋਰੇਟ ਦੇ ਐਲ ਪਲੇਅਨ ਸ਼ਹਿਰ ਦੇ ਨੇੜੇ ਵਾਪਰਿਆ। ਮਰਨ ਵਾਲਿਆਂ ਵਿੱਚ ਦੋ ਨਾਬਾਲਗ ਸਨ। ਫੌਜ ਦੇ ਅਨੁਸਾਰ, "90 ਪ੍ਰਤੀਸ਼ਤ" ਬੱਸ ਯਾਤਰੀਆਂ ਵਿੱਚ ਸੰਯੁਕਤ ਰਾਜ ਅਮਰੀਕਾ ਜਾਣ ਵਾਲੇ ਵੈਨੇਜ਼ੁਏਲਾ ਪ੍ਰਵਾਸੀ ਸਨ। ਅਧਿਕਾਰੀਆਂ ਨੇ ਜ਼ਖਮੀਆਂ ਦੀ ਗਿਣਤੀ 25 ਤੋਂ 31 ਤੱਕ ਦੱਸੀ ਹੈ। ਸਿਵਲ ਡਿਫੈਂਸ ਮੁਤਾਬਕ ਬੱਸ 'ਚ 40 ਤੋਂ ਵੱਧ ਲੋਕ ਸਵਾਰ ਸਨ। ਗੱਡੀ ਰਸਤੇ ਤੋਂ ਭਟਕ ਗਈ ਅਤੇ ਕਰੀਬ ਸੌ ਮੀਟਰ ਡੂੰਘੀ ਖੱਡ ਵਿੱਚ ਜਾ ਟਕਰਾਈ। ਮੀਡੀਆ ਰੀਪੋਰਟਾਂ ਅਨੁਸਾਰ ਇਹ ਹਾਦਸਾ ਉੱਤਰ-ਪੂਰਬੀ ਕੋਲੰਬੀਆ ਦੇ ਸੈਂਟੇਂਡਰ ਵਿਭਾਗ ਵਿਚ ਪੇਲੋਨ ਦੀ ਨਗਰਪਾਲਿਕਾ ਵਿਚ ਵਾਪਰਿਆ ਹੈ। ਖੇਤਰੀ ਆਪਦਾ ਜੋਖਮ ਪ੍ਰਬੰਧਨ ਏਜੰਸੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ, ''ਪਲੇਓਨ ਦੀ ਨਗਰਪਾਲਿਕਾ ਦੇ ਰਾਸ਼ਟਰੀ ਰਾਜਮਾਰਗ 'ਤੇ ਲਿਮਟ ਸੈਕਟਰ 'ਚ ਬ੍ਰਾਸੀਲੀਆ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ।'' ਦਸਿਆ ਜਾ ਰਿਹਾ ਹੈ ਕਿ ਇਹ ਬੱਸ ਦੱਖਣੀ ਅਮਰੀਕੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਵੱਲ ਜਾ ਰਹੀ ਸੀ ਅਤੇ ਰਸਤੇ ਵਿਚ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਉਧਰ ਜਾਂਚ ਏਜੰਸੀਆਂ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।