ਲੰਡਨ, 29 ਜੂਨ : ਦੂਜੇ ਵਿਸ਼ਵ ਯੁੱਧ ਦੇ 101 ਸਾਲਾ ਜੀਵਿਤ ਸਿੱਖ ਸਾਬਕਾ ਫੌਜੀ ਰਾਜਿੰਦਰ ਸਿੰਘ ਢੱਟ ਦਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸਨਮਾਨ ਕੀਤਾ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਜਿੰਦਰ ਸਿੰਘ ਢੱਟ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਵਿਖੇ ਆਯੋਜਿਤ ਯੂਕੇ-ਇੰਡੀਆ ਵੀਕ ਦੌਰਾਨ ਇਹ ਸਨਮਾਨ ਭੇਂਟ ਕੀਤਾ। ਰਜਿੰਦਰ ਸਿੰਘ ਢੱਟ ਦੇ ਯੋਗਦਾਨ ਨੂੰ ਬਰਤਾਨੀਆ ਵਿਚ ‘ਅਨਡਿਵਾਈਡਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ’ ਦੇ ਯਤਨਾਂ ਸਦਕਾ ਮਾਨਤਾ ਦਿਤੀ ਗਈ। ਦੱਸ ਦੇਈਏ ਕਿ ਇਹ ਐਸੋਸੀਏਸ਼ਨ ਭਾਰਤੀ ਬ੍ਰਿਟਿਸ਼ ਸਾਬਕਾ ਸੈਨਿਕਾਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਦੀ ਹੈ। ਰਜਿੰਦਰ ਸਿੰਘ ਦਾ ਜਨਮ ਸਾਲ 1921 ਵਿਚ ਅਣਵੰਡੇ ਭਾਰਤ ਵਿਚ ਹੋਇਆ ਸੀ। ਢੱਟ ਨੇ ਦੂਜੇ ਵਿਸ਼ਵ ਯੁੱਧ ਵਿਚ ਬ੍ਰਿਟਿਸ਼ ਪੱਖ ਤੋਂ ਲੜਾਈ ਲੜੀ ਅਤੇ ਬਾਅਦ ਵਿਚ 1963 ਵਿਚ ਆਪਣੇ ਪ੍ਰਵਾਰ ਨਾਲ ਬਰਤਾਨੀਆ ਵਿਚ ਸੈਟਲ ਹੋ ਗਿਆ। ਪੁਆਇੰਟਸ ਆਫ਼ ਲਾਈਟ ਐਵਾਰਡ ਨਾਲ ਸਨਮਾਨਿਤ ਹੋਣ 'ਤੇ ਰਜਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹੱਥੋਂ ਪੁਰਸਕਾਰ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ| ਢੱਟ ਨੇ ਅਨਡਿਵਾਈਡਿਡ ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ। ਦੱਸ ਦੇਈਏ ਕਿ ਪੁਆਇੰਟਸ ਆਫ ਲਾਈਟ ਐਵਾਰਡ ਉਨ੍ਹਾਂ ਲੋਕਾਂ ਨੂੰ ਦਿਤਾ ਜਾਂਦਾ ਹੈ, ਜੋ ਆਪਣੇ ਕੰਮਾਂ ਰਾਹੀਂ ਸਮਾਜ ਵਿਚ ਬਦਲਾਅ ਲਿਆਉਂਦੇ ਹਨ ਅਤੇ ਜਿਨ੍ਹਾਂ ਦੀ ਕਹਾਣੀ ਦੂਜਿਆਂ ਨੂੰ ਪ੍ਰੇਰਿਤ ਕਰਦੀ ਹੈ। ਇਨ੍ਹੀਂ ਦਿਨੀਂ 10 ਡਾਊਨਿੰਗ ਸਟ੍ਰੀਟ 'ਤੇ ਯੂਕੇ-ਇੰਡੀਆ ਹਫ਼ਤਾ ਮਨਾਇਆ ਜਾ ਰਿਹਾ ਹੈ। ਭਾਰਤ ਗਲੋਬਲ ਫੋਰਮ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਸ ਦਾ ਆਯੋਜਨ ਕਰ ਰਿਹਾ ਹੈ।