ਢਾਕਾ, 6 ਅਗਸਤ : ਬੰਗਲਾਦੇਸ਼ ਦੇ ਮੁਨਸ਼ੀਗੰਜ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਥੇ ਪਦਮਾ ਨਦੀ ਦੀ ਸਹਾਇਕ ਨਦੀ ਵਿੱਚ 46 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 8 ਵਜੇ ਵਾਪਰੀ। ਸ਼ਨੀਵਾਰ ਨੂੰ ਜਦੋਂ ਕਿਸ਼ਤੀ ਰਾਜਧਾਨੀ ਢਾਕਾ ਤੋਂ ਕਰੀਬ 30 ਕਿਲੋਮੀਟਰ ਦੂਰ ਨਦੀ 'ਚ ਜਾ ਰਹੀ ਸੀ ਤਾਂ ਇਹ ਰੇਤ ਨਾਲ ਭਰੇ ਜਹਾਜ਼ ਨਾਲ ਟਕਰਾ ਕੇ ਪਲਟ ਗਈ। ਫਾਇਰ ਸਰਵਿਸ ਡਿਪਾਰਟਮੈਂਟ ਤੇ ਸਿਵਲ ਡਿਫੈਂਸ ਹੈੱਡਕੁਆਰਟਰ ਦੇ ਡਿਊਟੀ ਅਫਸਰ ਰਫੀ ਅਲ ਫਾਰੂਕ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਹੁਣ ਤਕ ਤਿੰਨ ਔਰਤਾਂ, ਤਿੰਨ ਬੱਚਿਆਂ ਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ, ਜ਼ਿਆਦਾਤਰ ਯਾਤਰੀ ਤੈਰ ਕੇ ਕਿਨਾਰੇ 'ਤੇ ਪਹੁੰਚ ਗਏ ਕਿਉਂਕਿ ਕਿਸ਼ਤੀ ਨਦੀ ਦੇ ਕੰਢੇ ਦੇ ਨੇੜੇ ਪਲਟ ਗਈ ਅਤੇ ਘੱਟੋ-ਘੱਟ ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ। ਲੋਹਾਜੰਗ ਫਾਇਰ ਸਰਵਿਸ ਸਟੇਸ਼ਨ ਅਧਿਕਾਰੀ ਕੈਸ ਅਹਿਮਦ ਨੇ ਦੱਸਿਆ ਕਿ ਹੁਣ ਤਕ ਅਸੀਂ ਅੱਠ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਤੇ ਇਨ੍ਹਾਂ ਵਿੱਚੋਂ ਚਾਰ ਨੂੰ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਇਕ ਬੱਚੇ ਸਮੇਤ ਦੋ ਲਾਸ਼ਾਂ ਨਦੀ ਕਿਨਾਰੇ ਪਈਆਂ ਹਨ।