ਟੋਰਾਂਟੋ, 04 ਜੁਲਾਈ : ਤਜਰਬੇਕਾਰ ਕੈਨੇਡੀਅਨ ਸਿੱਖ ਪੁਲਿਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਸੁਰੱਖਿਅਤ ਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਬੜ੍ਹਾਵਾ ਦੇਣ ਵਾਲੀ ਏਜੰਸੀ ਦੇ ਪਹਿਲੇ ਦੱਖਣੀ ਏਸ਼ੀਆਈ ਪ੍ਰਧਾਨ ਬਣ ਗਏ ਹਨ। ਬਲਤੇਜ 1985 ਦੇ ਕਨਿਸ਼ਕ ਏਅਰ ਇੰਡੀਆ ਅੱਤਵਾਦੀ ਹਮਲੇ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਸਨ। ਢਿੱਲੋਂ ਦੇਸ਼ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ (RCMP) ’ਚ ਯੂਨੀਫਾਰਮ ਦੇ ਰੂਪ ’ਚ ਦਸਤਾਰਧਾਰੀ ਪਹਿਲੇ ਪੁਲਿਸ ਅਧਿਕਾਰੀ ਹਨ। ਉਨ੍ਹਾਂ ਨੂੰ ਵਰਕਸੇਫ ਬੀਸੀ ਬੋਰਡ ਆਫ ਡਾਇਰੈਕਟਰ ਦਾ ਚੇਅਰਮੈਨ ਬਣਾਇਆ ਗਿਆ ਹੈ। ਬਿ੍ਰਟਿਸ਼ ਕੋਲੰਬੀਆ ਸਰਕਾਰ ਨੇ 30 ਜੂਨ ਨੂੰ ਇਸ ਅਹੁਦੇ ’ਤੇ ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ ਹੈ। ‘ਵਰਕਸੇਫਬੀਸੀ’ ਇਕ ਸੁਬਾਈ ਏਜੰਸੀ ਹੈ ਜਿਹੜੀ ਬਿ੍ਰਟਿਸ਼ ਕੋਲੰਬੀਆ ਸੂਬੇ ’ਚ ਸੁਰੱਖਿਅਤ ਤੇ ਸਿਹਤਮੰਦ ਕਾਰਜ ਸਥਾਨ ਨੂੰ ਉਤਸ਼ਾਹਤ ਕਰਦੀ ਹੈ। ਬਲਤੇਜ ਬੋਰਡ ਦੇ ਮੈਂਬਰ ਦੇ ਰੂਪ ’ਚ 2017 ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਕਮਿਊਨਿਟੀ ਸੇਵਾ ਲਈ ਰਾਣੀ ਐਲਿਜ਼ਾਬੈਥ ਦੂਜੀ ਤੋਂ ਗੋਲਡਨ ਤੇ ਡਾਇਮੰਡ ਜੁਬਲੀ ਮੈਡਲ ਮਿਲ ਚੁੱਕਾ ਹੈ। ਬਲਤੇਜ ਸਿੰਘ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਖ਼ੁਫ਼ੀਆ, ਵਿਸ਼ੇਸ਼ ਇਨਫੋਰਸਮੈਂਟ, ਪ੍ਰੋਟੈਕਟਿਵ ਸਰਵਿਸ ਤੇ ਅਹਿਮ ਜਾਂਚ ਕਰਨ ਵਾਲੀਆਂ ਟੀਮਾਂ ਦਾ ਹਿੱਸਾ ਰਹੇ ਹਨ।