ਓਟਾਵਾ, 22 ਸਤੰਬਰ : ਕੈਨੇਡੀਅਨ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦੇਣ ਵਾਲੀ ਇਕ ਆਨਲਾਈਨ ਵੀਡੀਉ ਨੂੰ ਕੈਨੇਡੀਅਨ ਸਰਕਾਰ ਨੇ ਇਤਰਾਜ਼ਯੋਗ ਅਤੇ ਨਫਰਤ ਨਾਲ ਭਰਿਆ ਕਰਾਰ ਦਿਤਾ ਅਤੇ ਇਹ ਵੀ ਕਿਹਾ ਕਿ ਦੇਸ਼ ਵਿਚ ਹਮਲਾਵਾਰਤਾ, ਨਫ਼ਰਤ, ਧਮਕੀਆਂ ਜਾਂ ਡਰ ਪੈਦਾ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੈ। ਜਨਤਕ ਸੁਰਖਿਆ, ਐਮਰਜੈਂਸੀ ਪ੍ਰਬੰਧਨ, ਰਾਸ਼ਟਰੀ ਸੁਰੱਖਿਆ ਅਤੇ ਸੰਕਟਕਾਲੀਨ ਤਿਆਰੀਆਂ ਲਈ ਜ਼ਿੰਮੇਵਾਰ ‘ਜਨਤਕ ਸੁਰਖਿਆ ਕੈਨੇਡਾ’ ਨੇ ਕਿਹਾ ਕਿ ਵੀਡੀਉ ਦਾ ਪ੍ਰਸਾਰਤ ਹੋਣਾ ਅਪਮਾਨਜਨਕ ਅਤੇ ਨਫ਼ਰਤ ਫੈਲਾਉਣ ਵਾਲਾ ਹੈ ਅਤੇ ਇਹ ਸਾਰੇ ਕੈਨੈਡੀਆਈ ਲੋਕਾਂ ਅਤੇ ‘ਸਾਡੀਆਂ ਕਦਰਾਂ-ਕੀਤਾਂ ਦੀ ਬੇਇੱਜ਼ਤੀ ਹੈ।’ ਵਿਭਾਗ ਨੇ ‘ਐਕਸ’ ’ਤੇ ਲਿਖਿਆ, ‘‘ਕੈਨੇਡਾ ’ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।’’ ਵਿਭਾਗ ਨੇ ਕਿਹਾ, ‘‘ਹਮਲਾਵਾਰਤਾ, ਨਫ਼ਰਤ, ਡਰਾਉਣ ਜਾਂ ਡਰ ਦਾ ਮਾਹੌਲ ਬਣਾਉਣ ਦੀਆਂ ਕਾਰਵਾਈਆਂ ਦੀ ਇਸ ਦੇਸ਼ ’ਚ ਕੋਈ ਥਾਂ ਨਹੀਂ ਹੈ ਅਤੇ ਇਹ ਸਿਰਫ਼ ਸਾਨੂੰ ਵੰਡਣ ਲਈ ਕੀਤੇ ਜਾਂਦੇ ਹਨ। ਅਸੀਂ ਸਾਰੇ ਕੈਨੇਡੀਅਨਾਂ ਨੂੰ ਇਕ-ਦੂਜੇ ਦਾ ਸਤਿਕਾਰ ਕਰਨ ਅਤੇ ਕਾਨੂੰਨ ਦੇ ਰਾਜ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਹਾਂ। ਕੈਨੇਡੀਅਨਾਂ ਨੂੰ ਅਪਣੇ ਭਾਈਚਾਰਿਆਂ ’ਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ।’’ ਪ੍ਰਧਾਨ ਮੰਤਰੀ ਟਰੂਡੋ ਦੀ ਪਾਰਟੀ ਦੇ ਇਕ ਭਾਰਤੀ-ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਇਸ ਤੋਂ ਪਹਿਲਾਂ ‘ਅਤਿਵਾਦ ਦੀ ਵਡਿਆਈ’ ਅਤੇ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ’ਤੇ ਦੇਸ਼ ’ਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ’ਤੇ ਨਿਰਾਸ਼ਾ ਜ਼ਾਹਰ ਕੀਤੀ ਸੀ। ਕੈਨੇਡਾ ਦੀ ਲਿਬਰਲ ਪਾਰਟੀ ਦੇ ਮੈਂਬਰ ਆਰੀਆ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਕੈਨੇਡਾ ’ਚ ‘ਸਿੱਖਸ ਫਾਰ ਜਸਟਿਸ’ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡੀਅਨ ਹਿੰਦੂਆਂ ’ਤੇ ਸ਼ਬਦੀ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੂੰ ਕੈਨੇਡਾ ਛੱਡਣ ਲਈ ਕਿਹਾ ਸੀ। ਪੰਨੂ ਦੀ ‘ਸਿੱਖਸ ਫਾਰ ਜਸਟਿਸ’ ਨੇ ਕਥਿਤ ਰਾਏਸ਼ੁਮਾਰੀ ਕਰਵਾਈ ਸੀ।’’ ਐਮਰਜੈਂਸੀ ਤਿਆਰੀ ਮੰਤਰੀ ਹਰਜੀਤ ਸੱਜਣ ਨੇ ‘ਐਕਸ’ ’ਤੇ ਇਕ ਪੋਸਟ ਕੀਤਾ, ‘‘ਕੈਨੇਡੀਆਈ ਹਿੰਦੂਆਂ ਅਤੇ ਹਰ ਪਿੱਠਭੂਮੀ ਦੇ ਭਾਰਤੀਆਂ ਲਈ ਜੋ ਵੀ ਇਹ ਕਹਿੰਦਾ ਹੈ ਕਿ ਤੁਸੀਂ ਸੁਰੱਖਿਅਤ ਨਹੀਂ ਹੋ ਅਤੇ ਤੁਹਾਡਾ ਤੁਹਾਡੇ ਘਰ ’ਚ ਹੀ ਸਵਾਗਤ ਨਹੀਂ ਹੈ, ਉਹ ਆਜ਼ਾਦੀ ਅਤੇ ਦਿਆਲਤਾ ਦੀਆਂ ਉਨ੍ਹਾਂ ਕਦਰਾਂ-ਕੀਮਤਾਂ ਦਾ ਪ੍ਰਤੀਕ ਨਹੀਂ ਹੈ ਜਿਨ੍ਹਾਂ ਦਾ ਅਸੀਂ ਕੈਨੇਡਾ ਦੇ ਲੋਕ ਪਾਲਣ ਕਰਦੇ ਹਾਂ। ਦੂਸਰਿਆਂ ਨੂੰ ਕੈਨੇਡਾ ’ਚ ਤੁਹਾਡੇ ਸਥਾਨ ਅਤੇ ਪਿਆਰ ਨੂੰ ਅਯੋਗ ਜਾਂ ਸਵਾਲ ਨਾ ਕਰਨ ਦਿਉ।’