ਕਾਬੁਲ, 05 ਜੂਨ : ਦੋ ਵੱਖ-ਵੱਖ ਮਾਮਲਿਆਂ ਵਿਚ, ਉੱਤਰੀ ਅਫਗਾਨਿਸਤਾਨ ਵਿਚ ਪ੍ਰਾਇਮਰੀ ਸਕੂਲ ਦੀਆਂ 80 ਵਿਦਿਆਰਥਣਾਂ ਨੂੰ ਜ਼ਹਿਰ ਦਿਤਾ ਗਿਆ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਇਲਾਕੇ ਦੇ ਸਿੱਖਿਆ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਗਸਤ 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਅਜਿਹਾ ਪਹਿਲਾ ਮਾਮਲਾ ਹੈ। ਤਾਲਿਬਾਨ ਨੇ ਪਹਿਲਾਂ ਹੀ ਦੇਸ਼ ਵਿਚ ਲੜਕੀਆਂ ਦੇ ਛੇਵੀਂ ਜਮਾਤ ਤੋਂ ਅੱਗੇ ਪੜ੍ਹਨ 'ਤੇ ਪਾਬੰਦੀ ਲਗਾ ਦਿਤੀ ਹੈ। ਜਿਨ੍ਹਾਂ ਸਕੂਲਾਂ 'ਚ ਲੜਕੀਆਂ ਨੂੰ ਜ਼ਹਿਰ ਦਿਤਾ ਗਿਆ ਹੈ, ਉਹ ਅਫਗਾਨਿਸਤਾਨ ਦੇ ਸਰ-ਏ-ਪੁਲ ਸੂਬੇ ਦੇ ਹਨ। ਦੋਵੇਂ ਸਕੂਲ ਨੇੜੇ ਦੇ ਦੱਸੇ ਜਾ ਰਹੇ ਹਨ। ਇਕ ਤੋਂ ਬਾਅਦ ਇਕ ਇਨ੍ਹਾਂ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਰ-ਏ-ਪੁਲ ਦੇ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲੜਕੀਆਂ ਨੂੰ ਜ਼ਹਿਰ ਕਿਵੇਂ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿਚ ਕਿਸੇ ਦੀ ਸਾਜ਼ਿਸ਼ ਜਾਪਦੀ ਹੈ। ਇਨ੍ਹਾਂ ਕੁੜੀਆਂ ਨੂੰ ਕਿਸੇ ਨੇ ਤੀਜੀ ਧਿਰ ਰਾਹੀਂ ਜ਼ਹਿਰ ਦਿਤਾ ਹੈ। ਜ਼ਹਿਰ ਖਾਣ ਵਾਲੀਆਂ ਲੜਕੀਆਂ ਪਹਿਲੀ ਤੋਂ ਛੇਵੀਂ ਜਮਾਤ ਦੀਆਂ ਦਸੀਆਂ ਜਾਂਦੀਆਂ ਹਨ।