ਕਰਾਚੀ, 27 ਅਪ੍ਰੈਲ : ਪਾਕਿਸਤਾਨ ਵਿੱਚ ਇੱਕ ਪੈਸੰਜਰ ਰੇਲ ਗੱਡੀ ਨੂੰ ਅੱਗ ਲੱਗਣ ਕਾਰਨ ਇਸ ਵਿੱਚ ਸਵਾਰ ਕਈ ਲੋਕ ਅੱਗ ਦੀ ਲਪੇਟ 'ਚ ਆ ਗਏ ਅਤੇ ਕਈਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਚਾਰ ਬੱਚਿਆਂ ਸਮੇਤ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਪਾਕਿਸਤਾਨੀ ਰੇਲਵੇ ਨੇ ਵੀਰਵਾਰ 27 ਅਪ੍ਰੈਲ ਨੂੰ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਦੱਖਣੀ ਪਾਕਿਸਤਾਨ ‘ਚ ਕਰਾਚੀ ਤੋਂ ਲਗਭਗ 500 ਕਿਲੋਮੀਟਰ ਉੱਤਰ ‘ਚ ਖੈਰਪੁਰ ਜ਼ਿਲੇ ‘ਚ ਵਾਪਰਿਆ। ਯਾਤਰੀਆਂ ਨਾਲ ਭਰੀ ਇਹ ਟਰੇਨ ਪੂਰਬੀ ਸ਼ਹਿਰ ਲਾਹੌਰ ਵੱਲ ਜਾ ਰਹੀ ਸੀ। ਪੈਸੇਂਜਰ ਟਰੇਨ ‘ਚ ਲੱਗੀ ਅੱਗ ਨੇ ਜਲਦੀ ਹੀ ਟਰੇਨ ਦੇ ਕਈ ਹੋਰ ਡੱਬਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਇੱਕ ਟੀਵੀ ਚੈਨਲ ਦੀ ਫੁਟੇਜ ਵਿੱਚ ਟਰੇਨ ਦੇ ਕਈ ਸੜੇ ਹੋਏ ਹਿੱਸੇ ਦਿਖਾਈ ਦੇ ਰਹੇ ਹਨ। ਇਸ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਬੁੱਧਵਾਰ (26 ਅਪ੍ਰੈਲ) ਰਾਤ ਨੂੰ ਟਰੇਨ ‘ਚ ਅੱਗ ਲੱਗ ਗਈ ਅਤੇ ਕਈ ਲੋਕ ਇਸ ਦੀ ਲਪੇਟ ‘ਚ ਆ ਗਏ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਕਾਰਨ ਗੈਸ ਚੁੱਲ੍ਹਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਗਰੀਬ ਯਾਤਰੀ ਅਕਸਰ ਖਾਣਾ ਪਕਾਉਣ ਲਈ ਰੇਲਗੱਡੀਆਂ ਵਿੱਚ ਆਪਣੇ ਛੋਟੇ ਗੈਸ ਚੁੱਲ੍ਹੇ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਭੀੜ-ਭੜੱਕੇ ਵਾਲੀਆਂ ਟਰੇਨਾਂ ਵਿੱਚ ਸੁਰੱਖਿਆ ਨਿਯਮਾਂ ਦੀ ਅਕਸਰ ਅਣਦੇਖੀ ਕੀਤੀ ਜਾਂਦੀ ਹੈ।