ਐਰੀਜ਼ੋਨਾ, 15 ਜਨਵਰੀ : ਅਮਰੀਕਾ ਦੇ ਸੂਬੇ ਐਰੀਜ਼ੋਨਾ ਵਿੱਚ ਇੱਕ ਹਵਾ ਵਾਲਾ ਗੁਬਾਰਾ ਫਟਣ ਕਾਰਨ 4 ਲੋਕਾਂ ਦੀ ਮੌਤ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਐਲੋਏ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 7:50 ਤੇ ਇੱਕ ਪੇਂਡੂ ਰੇਗਿਸਤਾਨੀ ਇਲਾਕੇ ਵਿੱਚ ਵਾਪਰਿਆ। ਸਥਾਨਕ 'ਕੇਐਨਐਕਸਵੀ' ਨਿਊਜ਼ ਚੈਨਲ ਦੇ ਅਨੁਸਾਰ, ਹਾਦਸੇ ਦੇ ਸਮੇਂ ਏਅਰ ਬੈਲੂਨ ਵਿਚ ਕੁੱਲ 13 ਲੋਕ ਸਨ, ਜਿਨ੍ਹਾਂ ਵਿਚ ਅੱਠ ਸਕਾਈਡਾਈਵਰ, ਚਾਰ ਯਾਤਰੀ ਅਤੇ ਇਕ ਪਾਇਲਟ ਸ਼ਾਮਲ ਸੀ। ਸਕਾਈਡਾਈਵਰ ਦੁਰਘਟਨਾ ਤੋਂ ਪਹਿਲਾਂ ਹੀ ਗੁਬਾਰੇ ਵਿਚੋਂ ਬਾਹਰ ਨਿਕਲ ਗਏ ਸਨ। ਚਸ਼ਮਦੀਦਾਂ ਨੇ ਅਧਿਕਾਰੀਆਂ ਨੂੰ ਦਸਿਆ ਕਿ ਜ਼ਬਰਦਸਤ ਧਮਾਕਾ ਹੋਣ ਤੋਂ ਪਹਿਲਾਂ ਗੁਬਾਰਾ ਸਿੱਧਾ ਉੱਪਰ ਅਤੇ ਹੇਠਾਂ ਚਲਾ ਗਿਆ ਸੀ। ਗੁਬਾਰਾ ਫਟਣ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਜ਼ਖਮੀਆਂ ਦੀ ਬਾਅਦ 'ਚ ਮੌਤ ਹੋਈ। ਇਕ ਵਿਅਕਤੀ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਧਿਕਾਰੀਆਂ ਨੇ ਕਿਹਾ, “ਗਰਮ ਹਵਾ ਦਾ ਗੁਬਾਰਾ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਹੇ ਹਨ”।