ਮਾਸਕੋ, 15 ਅਗਸਤ : ਦੱਖਣੀ ਰੂਸੀ ਸੂਬੇ ਦਾਗੇਸਤਾਨ ਦੀ ਰਾਜਧਾਨੀ ਮਖਾਚਕਾਲਾ ਵਿੱਚ ਇੱਕ ਪੈਟਰੋਲ ਸਟੇਸ਼ਨ 'ਤੇ ਹੋਏ ਧਮਾਕੇ ਵਿੱਚ 33 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ 100 ਤੋਂ ਵੱਧ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦਾਗਿਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਕਿਹਾ ਕਿ ਮਾਰੇ ਗਏ ਲੋਕਾਂ ’ਚ ਤਿੰਨ ਬੱਚੇ ਸ਼ਾਮਲ ਹਨ। ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰ.ਆਈ.ਏ. ਨੋਵੋਸਤੀ ਦੀ ਦੇਸ਼ ਦੇ ਐਮਰਜੈਂਸੀ ਮੰਤਰਾਲੇ ਦੇ ਹਵਾਲੇ ਤੋਂ ਜਾਰੀ ਕੀਤੀ ਖ਼ਬਰ ਅਨੁਸਾਰ ਇਲਾਕੇ ਦੀ ਰਾਜਧਾਨੀ ਮਖਚਕਾਲਾ ਦੇ ਬਾਹਰੀ ਇਲਾਕੇ ’ਚ ਸਥਿਤ ਗੈਸ ਸਟੇਸ਼ਨ ’ਚ ਸੋਮਵਾਰ ਰਾਤ ਨੂੰ ਧਮਾਕਾ ਹੋਇਆ। ਅੱਗ ਪਹਿਲਾਂ ਕਾਰ ਦੀ ਮੁਰੰਮਤ ਦੀ ਦੁਕਾਨ ’ਚ ਲੱਗੀ ਅਤੇ ਵੇਖਦਿਆਂ ਹੀ ਵੇਖਦਿਆਂ ਨੇੜਲੇ ਗੈਸ ਸਟੇਸ਼ਨ ’ਚ ਫੈਲ ਗਈ। ਗੈਸ ਸਟੇਸ਼ਨ ’ਚ ਲੱਗੀ ਅੱਗ ਥੋੜ੍ਹੀ ਹੀ ਦੇਰ ’ਚ 600 ਵਰਗ ਮੀਟਰ ਦੇ ਇਲਾਕੇ ’ਚ ਫੈਲ ਗਈ। ਕੁਝ ਜ਼ਖ਼ਮੀਆਂ ਨੂੰ ਇਲਾਜ ਲਈ ਹਵਾਈ ਮਾਰਗ ਰਾਹੀਂ ਮਾਸਕੋ ਲਿਜਾਇਆ ਜਾਵੇਗਾ। ਰੂਸੀ ਅਧਿਕਾਰੀਆਂ ਨੇ ਅਪਰਾਧਕ ਜਾਂਚ ਸ਼ੁਰੂ ਕਰ ਦਿਤੀ ਹੈ। ਫਾਇਰ ਫਾਈਟਰਜ਼ ਅਤੇ ਪੁਲਸ ਨੇ ਤੁਰੰਤ ਹਾਦਸੇ ਦੀ ਸੂਚਨਾ ਦਿੱਤੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ 260 ਫਾਇਰ ਕਰਮੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕਈ ਕਾਰਾਂ ਨੂੰ ਅੱਗ ਲੱਗ ਗਈ।