ਨਾਈਜਰ, 11 ਸਤੰਬਰ : ਨਾਈਜੀਰੀਆ 'ਚ ਇਕ ਕਿਸ਼ਤੀ ਪਲਟ ਗਈ। ਕਿਸ਼ਤੀ ਪਲਟਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ ਜੋ ਨਾਈਜੀਰੀਆ ਦੇ ਨਾਈਜਰ ਸੂਬੇ ਦੇ ਮੋਕਵਾ 'ਚ ਕਿਸ਼ਤੀ 'ਚ ਸਫਰ ਕਰਦੇ ਸਮੇਂ ਡੁੱਬ ਗਏ। ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਸੂਬਾਈ ਮੁਖੀ ਜ਼ੈਨਬ ਸੁਲੇਮਾਨ ਮੁਤਾਬਕ ਕਿਸ਼ਤੀ 'ਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਖਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸੁਲੇਮਾਨ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਹੁਣ ਤੱਕ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 30 ਲੋਕਾਂ ਨੂੰ ਬਚਾਇਆ ਗਿਆ ਹੈ। ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ (ਐਨ.ਐਸ.ਈ.ਐਮ.ਏ) ਨੇ ਪੁਸ਼ਟੀ ਕੀਤੀ ਕਿ ਕਿਸ਼ਤੀ ਵਿੱਚ 100 ਤੋਂ ਵੱਧ ਲੋਕ ਸਵਾਰ ਸਨ, ਉਨ੍ਹਾਂ ਨੇ ਦੱਸਿਆ ਕਿ ਪੀੜਤ, ਜੋ ਗਬਾਜੀਬੋ, ਏਕਵਾ ਅਤੇ ਯੈਂਕਿਆਡੇ ਭਾਈਚਾਰਿਆਂ ਦੇ ਸਨ, ਜੋ ਨਦੀ ਨਾਈਜਰ (ਪੁਰਾਣਾ ਗਬਾਜੀਬੋ) ਵਿਚ ਕਿਸ਼ਤੀ ਜ਼ਰੀਏ ਦੂਜੇ ਪਾਸੇ ਆਪਣੇ ਖੇਤਾਂ ਨੂੰ ਜਾ ਰਹੇ ਸਨ। ਗਵਰਨਰ ਦੇ ਬੁਲਾਰੇ ਬੋਲਗੀ ਇਬਰਾਹਿਮ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਵਿੱਚ 26 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਇਸ ਹਾਦਸੇ 'ਚ ਕਰੀਬ 30 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸਮੁੰਦਰੀ ਪੁਲਿਸ ਅਤੇ ਸਥਾਨਕ ਗੋਤਾਖੋਰ ਨਾਈਜਰ ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਸਹਿਯੋਗ ਨਾਲ ਡੁੱਬੇ ਲੋਕਾਂ ਦੀ ਭਾਲ ਕਰ ਰਹੇ ਹਨ।