ਨਾਈਜੀਰੀਆ, 14 ਜੂਨ : ਨਾਈਜੀਰੀਆ ਦੇ ਕੇਂਦਰੀ ਰਾਜ ਕਵਾਰਾ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 103 ਲੋਕਾਂ ਦੀ ਮੌਤ ਹੋ ਗਈ ਅਤੇ 97 ਲੋਕ ਲਾਪਤਾ ਹਨ, 100 ਹੋਰਾਂ ਨੂੰ ਬਚਾ ਲਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ 'ਤੇ 300 ਲੋਕ ਸਵਾਰ ਸਨ। ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਨਿਊਜ਼ ਰਿਪੋਰਟ ਮੁਤਾਬਕ ਸਥਾਨਕ ਨਿਵਾਸੀ ਨੇ ਦਸਿਆ ਕਿ ਅਗਬੋਤੀ ਪਿੰਡ ਵਿਚ ਕੁਝ ਲੋਕ ਵਿਆਹ ਵਿਚ ਗਏ ਹੋਏ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ। ਅਜਿਹੀ ਸਥਿਤੀ ਵਿਚ ਵਿਆਹ ਦੇ ਕੁਝ ਮਹਿਮਾਨਾਂ ਨੇ ਪਿੰਡ ਛੱਡਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸਹਾਰਾ ਲਿਆ। ਉਨ੍ਹਾਂ ਨੇ ਦਸਿਆ ਕਿ ਦੂਜੇ ਪਾਸੇ ਕੰਢੇ ਵੱਲ ਆਉਂਦੇ ਸਮੇਂ ਉਨ੍ਹਾਂ ਦੀ ਕਿਸ਼ਤੀ ਪਾਣੀ ਵਿਚ ਲੁਕੇ ਇੱਕ ਦਰੱਖਤ ਦੇ ਤਣੇ ਨਾਲ ਟਕਰਾ ਗਈ ਅਤੇ ਟੁੱਟ ਗਈ। ਇਸ ਤੋਂ ਬਾਅਦ ਉਹ ਦੋ ਹਿੱਸਿਆਂ ਵਿਚ ਵੰਡੀ ਗਈ ਅਤੇ ਪਾਣੀ ਵਿਚ ਡੁੱਬ ਗਈ। ਇਸ ਤੋਂ ਪਹਿਲਾਂ ਮਈ ਵਿਚ ਨਾਈਜੀਰੀਆ ਦੇ ਸੋਕੋਟੋ ਵਿਚ ਇੱਕ ਕਿਸ਼ਤੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਾਈਜੀਰੀਆ ਦੇ ਅਜਿਹੇ ਇਲਾਕਿਆਂ 'ਚ ਕਿਸ਼ਤੀ ਹਾਦਸੇ ਕਾਫੀ ਆਮ ਹਨ। ਇਹ ਇਸ ਲਈ ਹੈ ਕਿਉਂਕਿ ਇੱਥੇ ਲੋਕ ਆਮ ਤੌਰ 'ਤੇ ਆਉਣ-ਜਾਣ ਲਈ ਸਵੈ-ਬਣਾਈਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।