ਸਿਡਨੀ, 12 ਜੂਨ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਹੰਟਰ ਖੇਤਰ 'ਚ ਇਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਯਾਤਰੀ ਜ਼ਖ਼ਮੀ ਹੋ ਗਏ। ਆਸਟ੍ਰੇਲੀਅਨ ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸਿਡਨੀ ਤੋਂ ਕਰੀਬ 180 ਕਿਲੋਮੀਟਰ ਉੱਤਰ-ਪੱਛਮ ਵਿਚ ਗ੍ਰੇਟਾ ਸ਼ਹਿਰ ਨੇੜੇ ਐਤਵਾਰ ਰਾਤ ਕਰੀਬ 11.30 ਵਜੇ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਇਸ ਹਾਦਸੇ 'ਚ 18 ਯਾਤਰੀ ਵਾਲ-ਵਾਲ ਬਚ ਗਏ। ਇਸ ਬੱਸ ਵਿੱਚ 40 ਯਾਤਰੀ ਸਵਾਰ ਸਨ, ਜੋ ਇੱਕ ਵਿਆਹ ਤੋਂ ਪਰਤ ਰਹੇ ਸਨ। ਪੁਲਿਸ ਅਨੁਸਾਰ ਬੱਸ ਹਾਦਸੇ ਵਿੱਚ 11 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਅਤੇ ਸੜਕ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਬਾਕੀ 18 ਯਾਤਰੀ ਸੁਰੱਖਿਅਤ ਹਨ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 58 ਸਾਲਾ ਬੱਸ ਡਰਾਈਵਰ ਨੂੰ ਲਾਜ਼ਮੀ ਟੈਸਟਾਂ ਅਤੇ ਮੁਲਾਂਕਣ ਲਈ ਇੱਕ ਖੇਤਰੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਸ ਕਾਰਨ ਹੋਇਆ। ਪੁਲਿਸ ਨੇ ਹਾਦਸੇ ਤੋਂ ਬਾਅਦ ਕ੍ਰਾਈਮ ਸੀਨ ਬਣਾ ਦਿੱਤਾ ਹੈ। ਅਜਿਹੇ 'ਚ ਫੋਰੈਂਸਿਕ ਟੀਮ ਅਤੇ ਜਾਂਚ ਇਕਾਈ ਸੋਮਵਾਰ ਨੂੰ ਇਸ ਦਾ ਵਿਸ਼ਲੇਸ਼ਣ ਕਰੇਗੀ।