- ਕੈਬਨਿਟ ਮੰਤਰੀ ਨੇ ਡੱਬੀ ਬਾਜ਼ਾਰ ’ਚ ਫਾਇਰ ਬ੍ਰਿਗੇਡ ਵਲੋਂ ਪਾਈ ਜਾਣ ਵਾਲੀ ਪਾਈਪ ਲਾਈਨ ਦੀ ਕਰਵਾਈ ਸ਼ੁਰੂਆਤ
- ਕਿਹਾ, ਤੰਗ ਬਾਜ਼ਾਰ ਹੋਣ ਕਾਰਨ ਅੱਗ ਵਰਗੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਪਾਈ ਜਾ ਰਹੀ ਹੈ ਵਿਸ਼ੇਸ਼ ਪਾਣੀ ਦੀ ਪਾਈਪ ਲਾਈਨ
ਹੁਸ਼ਿਆਰਪੁਰ, 7 ਸਤੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਵੁਡ ਇਨਲੇ ਲਈ ਪ੍ਰਸਿੱਧ ਹੁਸ਼ਿਆਰਪੁਰ ਦੇ ਡੱਬੀ ਬਾਜ਼ਾਰ ਦੇ ਸੁੰਦਰੀਕਰਨ ਨੂੰ ਲੈ ਕੇ ਖਰੜਾ ਤਿਆਰ ਕਰ ਲਿਆ ਗਿਆ ਹੈ ਅਤੇ ਇਸ ਨੂੰ ਹੈਰੀਟੇਜ ਸਟਰੀਟ ਬਣਾਉਣ ਲਈ ਜਲਦ ਹੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ। ਉਹ ਅੱਜ ਡੱਬੀ ਬਾਜ਼ਾਰ ਵਿਚ ਫਾਇਰ ਬ੍ਰਿਗੇਡ ਵਲੋਂ ਪਾਣੀ ਵਾਲੀ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਤਿਹਾਸਕ ਡੱਬੀ ਬਾਜ਼ਾਰ ਕਾਫੀ ਤੰਗ ਹੈ ਅਤੇ ਬਾਜ਼ਾਰ ਵਿਚ ਅੱਗ ਲੱਗਣ ਵਾਲੀ ਦੁਰਘਟਨਾ ਦੀ ਸੂਰਤ ਵਿਚ ਫਾਇਰ ਬ੍ਰਿਗੇਡ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਬਾਜ਼ਾਰ ਵਿਚ ਫਾਇਰ ਬ੍ਰਿਗੇਡ ਵਲੋਂ ਪਾਣੀ ਦੀ ਸਪੈਸ਼ਲ ਪਾਈਪ ਲਾਈਨ ਪਾਈ ਜਾ ਰਹੀ ਹੈ, ਤਾਂ ਜੋ ਅੱਗ ਲੱਗਣ ਵਰਗੀ ਅਣਸੁਖਾਵੀਂ ਘਟਨਾ ਦੌਰਾਨ ਇਸ ’ਤੇ ਕਾਬੂ ਪਾਇਆ ਜਾ ਸਕੇ। ਇਸ ਪਾਈਪ ਲਾਈਨ ’ਤੇ ਕਰੀਬ 13 ਲੱਖ ਰੁਪਏ ਖਰਚ ਕੀਤੇ ਜਾਣਗੇ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਡੱਬੀ ਬਾਜ਼ਾਰ ਵਿਚ ਪੁਰਾਣੇ ਸਮੇਂ ਤੋਂ ਲੱਕੜੀ ’ਤੇ ਹਾਥੀ ਦੰਦ ਦੀ ਕਾਰਾਗਰੀ ਕੀਤੀ ਜਾਂਦੀ ਸੀ, ਪਰੰਤੂ ਹਾਥੀ ਦੰਦ ’ਤੇ ਪਾਬੰਦੀ ਲੱਗਣ ਤੋਂ ਬਾਅਦ ਪਲਾਸਟਿਕ ਇਨਲੇ ਵਰਕ ਨੇ ਇਸ ਦਾ ਰੂਪ ਲੈ ਲਿਆ ਹੈ ਅਤੇ ਅੱਜ ਵੀ ਕਈ ਪਰਿਵਾਰ ਆਪਣੇ ਇਸ ਪੁਰਾਣੇ ਕਾਰਜ ਨੂੰ ਲੈ ਕੇ ਹੁਸ਼ਿਆਰਪੁਰ ਦਾ ਨਾਮ ਪੂਰੇ ਵਿਸ਼ਵ ਵਿਚ ਰੌਸ਼ਨ ਕਰ ਰਹੇ ਹਨ। ਇਸ ਮੌਕੇ ਕੌਂਸਲਰ ਪ੍ਰਦੀਪ ਬਿੱਟੂ, ਅਸ਼ਵਨੀ ਛੋਟਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।