ਕਪੂਰਥਲਾ, 13 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਨੂੰ ਲੈਕੇ ਸੂਬਾ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਇਸ ਫੈਸਲੇ ਨੂੰ ਕਾਲੇ ਦਿਨ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਨਾਂਅ ‘ਤੇ ਵੱਸਦੇ ਪੰਜਾਬ ਵਿੱਚ ਔਰਤ ਵਰਗ ਨੂੰ ਵੀ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਜਦ ਕਿ ਨਸ਼ਿਆ ਨੇ ਪੰਜਾਬ ਦੀ ਜਵਾਨੀ ਨੂੰ ਪਹਿਲਾ ਹੀ ਖਾਹ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਸੂਬਾ ਸਰਕਾਰ ਦੀ ਇਸ ਸ਼ਰਾਬ ਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਔਰਤਾਂ ਦੇ ਠੇਕੇ ਖੋਲ੍ਹਣੇ ਬੰਦ ਕਰਵਾਉਣ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤਾ ਨਸ਼ਿਆਂ ਦੇ ਮੁੱਦੇ ‘ਤੇ ਵੱਡਾ ਬਹੁਮਤ ਲੈਕੇ ਆਈ ਸੀ ਤਾਂ ਫਿਰ ਉਸ ਨੂੰ ਅਜਿਹੇ ਫੈਸਲੇ ਕਦਾਚਿਤ ਨਹੀਂ ਕਰਨੇ ਚਾਹੀਦੇ ਜਿਹੜੇ ਪੰਜਾਬ ਵਿੱਚ ਔਰਤਾਂ ਦੇ ਮਾਣ-ਸਨਮਾਨ ਨੂੰ ਢਾਹ ਲਗਾੳੇਂਦੇ ਹੋਣ।ਬੀਬੀ ਜਗੀਰ ਕੌਰ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਔਰਤਾਂ ਦੇ ਸ਼ਰਾਬ ਦੇ ਠੇਕੇ ਬੰਦ ਨਾ ਕੀਤੇ ਤਾਂ ਸਮੁੱਚੇ ਪੰਜਾਬ ਦੀਆਂ ਔਰਤਾਂ ਇੱਕਜੁਟਤਾ ਨਾਲ ਸੂਬਾ ਸਰਕਾਰ ਦਾ ਵਿਰੋਧ ਕਰਨਗੀਆਂ ਤੇ ਅਜਿਹੇ ਠੇਕੇ ਨਹੀਂ ਖੁੱਲਹਣ ਦੇਣਗੀਆਂ।ਬੀਬੀ ਜਗੀਰ ਕੌਰ ਨੇ ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਔਰਤਾਂ ਲਈ ਖੋਹਲੇ ਗਏ ਠੇਕੇ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਪੰਜਾਬ ਦਾ ਸੁਭਾਅ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵੱਖਰਾ ਹੈ।ਪੰਜਾਬ ਤੇ ਪੰਥ ਦੀ ਨਿਰਾਲੀ ਸ਼ਾਨ ਹੈ ਤੇ ਇਹ ਸ਼ਾਨ ਹਮੇਸ਼ਾ ਕਾਇਮ ਰਹੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਸੀ। ਉਨ੍ਹਾਂ ਆਪ ਦੀਆਂ ਔਰਤ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਦਾ ਡੱਟ ਕੇ ਵਿਰੋਧ ਕਰਨ ਅਤੇ ਇਸ ਲਈ ਉਸਾਰੂ ਭੂਮਿਕਾ ਨਿਭਾਉਣ।