- ਕਿਹਾ, ਕਾਮਿਆਂ ਸਬੰਧੀ ਪਿੰਡ ਵਾਸੀਆਂ ਨੂੰ ਜਨਤਕ ਥਾਵਾਂ ਅਤੇ ਵਟਸਅੱਪ ਰਾਹੀਂ ਮੁਹੱਈਆ ਕਰਵਾਈ ਜਾਵੇ ਜਾਣਕਾਰੀ
ਨਵਾਂ ਸ਼ਹਿਰ, 25 ਜੁਲਾਈ : ਮਹਾਤਮਾਂ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਐਕਟ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਐਕਟ ਦੇ ਤਹਿਤ 100 ਦਿਨ ਦੇ ਰੋਜ਼ਗਾਰ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਿੰਡ ਦੇ ਵਿਚ ਹਰ ਇਕ ਯੋਗ ਵਿਅਕਤੀ ਨੂੰ ਇਸ ਵਿੱਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਹੋਣ ਵਾਲੇ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਾਮਿਆਂ ਸਬੰਧੀ ਪਿੰਡ ਵਿੱਚ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਸਬੰਧੀ ਸਾਰੀ ਜਾਣਕਾਰੀ ਨੋਟਿਸ ਬੋਰਡ ਅਤੇ ਪਿੰਡ ਦੇ ਜਨਤਕ ਥਾਵਾਂ ‘ਤੇ ਲਗਾਈ ਜਾਵੇ, ਤਾਂ ਜੋ ਪਿੰਡ ਦੇ ਹਰ ਵਿਅਕਤੀ ਨੂੰ ਇਹ ਜਾਣਕਾਰੀ ਹੋਵੇ ਕਿ ਕਿੰਨੇ ਵਿਅਕਤੀ ਪਿੰਡ ਦੇ ਵਿੱਚ ਮਗਨਰੇਗਾ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦਾ ਇਕ ਵਟਸਅੱਪ ਗਰੁੱਪ ਬਣਾ ਕੇ ਵੀ ਇਸ ਸਬੰਧੀ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ, ਤਾਂ ਜੋ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਤਹਿਤ ਜੇਕਰ ਕੋਈ ਵਿਅਕਤੀ ਆਪਣ ਜਗ੍ਹਾਂ ਤੋਂ ਕਿਤੇ ਦੂਰ ਜਾ ਕੇ ਕੰਮ ਕਰਦਾ ਹੈ ਤਾਂ ਨਿਯਮਾਂ ਅਨੁਸਾਰ ਉਸ ਕਾਮੇ ਨੂੰ ਕਿਰਾਇਆ ਵੀ ਆਉਣ ਜਾਣ ਲਈ ਦਿੱਤਾ ਜਾਂਦਾ ਹੈ, ਜੋ ਕਿ ਸਬੰਧਤ ਕਾਮੇ ਦੇ ਖਾਤੇ ਵਿੱਚ ਸਿੱਧੇ ਤੌਰ ‘ਤੇ ਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਵਲੋਂ ਮਗਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੇ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਸ ਸਬੰਧੀ ਸਮੱਸਿਆਵਾਂ ਤੋਂ ਜਾਣੂ ਵੀ ਕਰਵਾਇਆ। ਸਮੱਸਿਆਵਾਂ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਖੁੱਦ ਜਾ ਕੇ ਸਮੇਂ-ਸਮੇਂ ‘ਤੇ ਫੀਲਡ ਵਿੱਚ ਵਿਜ਼ਟ ਕਰਦੇ ਰਹਿਣ ਅਤੇ ਮੌਕੇ ‘ਤੇ ਜੋ ਵੀ ਉਨ੍ਹਾਂ ਦੇ ਧਿਆਨ ਵਿੱਚ ਸਮੱਸਿਆਵਾਂ ਆਉਂਦੀਆਂ ਹਨ,ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਵਿੰਦਰ ਕੁਮਾਰ ਲੋਕਪਾਲ ਮਗਨਰੇਗਾ ਜਗਦੀਸ਼ ਸਿੰਘ,ਏ.ਪੀ.ਓ ਸਰਬਜੀਤ ਸਿੰਘ, ਬਲਾਕ ਨਵਾਂਸ਼ਹਿਰ ਤੋਂ ਇਲਾਵਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਨਾਵਾ ਤੋਂ ਇਲਾਵਾ ਬੀ.ਡੀ.ਪੀ.ਓਜ਼ ਅਤੇ ਕਰਮਚਾਰੀ ਵੀ ਮੌਜੂਦ ਸਨ।