- ਡਿਪਟੀ ਕਮਿਸ਼ਨਰ ਨੇ ਨਸ਼ਿਆਂ ਤੋਂ ਦੂਰ ਰਹਿਣ ਲਈ ਬੱਚਿਆਂ ਨੂੰ ਕੀਤਾ ਪ੍ਰੇਰਿਤ
- ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤਹਿਤ ਪੁਲਿਸ ਪ੍ਰਸ਼ਾਸਨ ਵਲੋਂ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ਕੱਢ ਗਈ ਜਾਗਰੂਕਤਾ ਰੈਲੀ
ਨਵਾਂਸ਼ਹਿਰ, 25 ਅਕਤੂਬਰ : ਪੁਲਿਸ ਪ੍ਰਸ਼ਾਸਨ ਵਲੋਂ ਐਸ.ਐਸ.ਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਨਸ਼ਿਆਂ ‘ਤੇ ਠੱਲ੍ਹ ਪਾਉਣ ਲਈ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 5 ਹਜ਼ਾਰ ਦੇ ਕਰੀਬ ਬੱਚਿਆਂ ਵਲੋਂ ਖਟਕੜ ਕਲਾਂ ਮਿਊਜੀਅਮ ਤੋ ਜਾਗਰੂਕਤਾ ਰੈਲੀ ਕੱਢੀ ਗਈ ਜੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਬੁੱਤ ਤੋਂ ਸ਼ੁਰੂ ਹੋ ਕੇ ਜੱਦੀ ਘਰ ਤੋਂ ਹੁੰਦੀ ਹੋਈ ਵਾਪਸ ਖਟਕੜ ਕਲਾਂ ਮਿਊਜ਼ੀਅਮ ਵਿਖੇ ਸਮਾਪਤ ਹੋਈ। ਇਸ ਮੌਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਹੁੰ ਵੀ ਚੁਕਾਈ ਗਈ। ਰੈਲੀ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਨਸ਼ਿਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਵਿੱਚ ਜਿਥੇ ਪੁਲਿਸ ਪ੍ਰਸ਼ਾਸਨ ਅਹਿੰਮ ਰੋਲ ਨਿਭਾਉਂਦਾ ਹੈ, ਉਥੇ ਸਮਾਜਿਕ ਤੌਰ ‘ਤੇ ਵੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਮਿਲ ਕੇ ਨਸ਼ਿਆਂ ਨੂੰ ਰੋਕਣ ਲਈ ਕੰਮ ਕਰੀਏ। ਇਸ ਦੌਰਾਨ ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕਿਹਾ ਕਿ ਅਧਿਆਪਕ ਅਤੇ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਦੇ ਮੁਢਲੇ ਜੀਵਨ ਵਿੱਚ ਅਹਿੰਮ ਭੂਮਿਕਾ ਨਿਭਾਉਂਦੇ ਹਨ। ਜਦ ਬੱਚਾ ਸਕੂਲ ਦੇ ਵਿੱਚ ਪੜ੍ਹਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਅਤੇ ਅਧਿਆਪਕ ਬੱਚੇ ਨੂੰ ਸਮਾਜ ਵਿੱਚ ਰਹਿਣ ਦੇ ਯੋਗ ਬਣਾਉਂਦੇ ਹਨ ਅਤੇ ਬੱਚਿਆਂ ਦੇ ਲਈ ਕੀ ਮਾੜਾ ਅਤੇ ਚੰਗਾ ਹੈ ਸਬੰਧੀ ਜਾਣਕਾਰੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਸਹੀ ਨਾਗਰਿਕ ਬਣਨ ਦੇ ਲਈ ਚੰਗੀ ਸਿੱਖਿਆ ਦੇਣ ਅਤੇ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਾ ਕਿਸੇ ਮਾੜੀ ਸੰਗਤ ਵਿੱਚ ਫੱਸ ਰਿਹਾ ਹੈ ਤਾਂ ਤੁਰੰਤ ਮਾਤਾ ਪਿਤਾ ਨੂੰ ਸੂਚਿਤ ਕਰਨ। ਇਸ ਤੋਂ ਬਾਅਦ ਮਾਤਾ ਪਿਤਾ ਰਾਹੀਂ ਬੱਚਾ ਸਮਾਜ ਦੇ ਵਿੱਚ ਕਦਮ ਰੱਖਦਾ ਹੈ ਅਤੇ ਸਮਾਜਿਕ ਤੌਰ ‘ਤੇ ਸਾਡੀ ਇਹ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਬੱਚਾ ਕਿਸੇ ਮਾੜੀ ਸੰਗਤ ਵਿੱਚ ਪੈ ਰਿਹਾ ਹੈ, ਤਾਂ ਤੁਰੰਤ ਬੱਚੇ ਨੂੰ ਮਾੜੀ ਸੰਗਤ ਤੋਂ ਸੁਚੇਤ ਕਰਨਾ ਚਾਹੀਦਾ ਹੈ ਅਤੇ ਮਾੜੇ ਅਨਸਰਾਂ ‘ਤੇ ਕਾਬੂ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੀ ਅਹਿੰਮ ਰੋਲ ਨਿਭਾਉਂਦੀ ਹੈ ਅਤੇ ਜਦ ਵੀ ਪੁਲਿਸ ਨੂੰ ਕੋਈ ਸੂਚਨਾ ਜਾਂ ਮਾੜੇ ਅਨਸਰਾਂ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਆਪਣੀ ਕਾਰਵਾਈ ਕਰਦੇ ਹੋਏ ਸਪਲਾਈ ਚੇਨ ਨੂੰ ਕੱਟ ਕਰਦੀ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਨਸ਼ਾ ਰੂਪੀ ਜਹਿਰ ਸਮਾਜ ਦੇ ਵਿੱਚ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਾਲ ਅਧਿਆਪਕ, ਮਾਤਾ ਪਿਤਾ, ਸਮਾਜ, ਪੁਲਿਸ ਪ੍ਰਸ਼ਾਸਨ, ਐਨ.ਜੀ.ਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਭੂਮਿੰਕਾ ਨਿਭਾਅ ਕੇ ਆਪਸੀ ਤਾਲਮੇਲ ਅਤੇ ਮਿਲ ਕੇ ਨਸ਼ਿਆਂ ‘ਤੇ ਠੱਲ੍ਹ ਪਾ ਸਕਦੇ ਹਨ। ਐਸ.ਐਸ.ਪੀ ਨੇ ਕਿਹਾ ਕਿ ਜੇਕਰ ਕਿਸੇ ਇਲਾਕੇ ਵਿੱਚ ਕੋਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਹੈ ਜਾਂ ਨਸ਼ੀਲੇ ਪਦਾਰਥ ਵੇਚਦਾ ਹੈ ਤਾਂ ਇਸ ਦੀ ਸੂਚਨਾ ਐਨ.ਟੀ ਡਰੱਗ ਹੈਲਪਲਾਈਨ ਨੰਬਰ 99883-03232 ‘ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਇਸ ਮੌਕੇ ‘ਤੇ ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ ਬੰਗਾ ਮਨਰੀਤ ਰਾਣਾ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਬਲਵੀਰ ਕਰਨਾਣਾ ਅਤੇ, ਨਰਿੰਦਰ ਰੱਤੂ ਬਲਾਕ ਪ੍ਰਧਾਨ ਬੰਗਾ ਵੀ ਮੌਜੂਦ ਸਨ। ਇਸ ਮੌਕੇ ‘ਤੇ ਐਸ.ਪੀ.ਪੀ.ਬੀ.ਆਈ ਇਕਬਾਲ ਸਿੰਘ, ਡੀ.ਐਸ.ਪੀ ਬੰਗਾ ਸਰਵਣ ਸਿੰਘ ਬੱਲ, ਡੀ.ਐਸ.ਪੀ ਸਪੈਸ਼ਲ ਬ੍ਰਾਂਚ ਲਖਵੀਰ ਸਿੰਘ, ਡੀ.ਐਸ.ਪੀ ਸ਼ਹਿਬਾਜ ਸਿੰਘ, ਡੀ.ਐਸ.ਪੀ (ਡੀ) ਪ੍ਰੇਮ ਕੁਮਾਰ, ਸੁਰਿੰਦਰ ਸਿੰਘ ਢੀਨਸਾ, ਪਵਨਜੀਤ ਸਿਧੂ ਗੁਣਾਚੌਰ, ਐਨ.ਆਰ.ਆਈ ਸਭਾ ਦੇ ਪ੍ਰਧਾਲ ਕੇਵਲ ਖਟਕੜ ਕਲਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਅਧਿਕਾਰੀ, ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਭਾਰੀ ਗਿਣਤੀ ਵਿੱਚ ਸਕੂਲੀ ਬੱਚੇ ਮੌਜੂਦ ਸਨ।