- ਏ.ਐਸ.ਆਈ. ਗਿ੍ਫਤਾਰ-ਸਬ ਇੰਸਪੈਕਟਰ ਦੀ ਗਿ੍ਫਤਾਰੀ ਲਈ ਲੁੱਕ ਆਊਟ ਨੋਟਿਸ ਜਾਰੀ
- ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਵਾਲਿਆਂ ਨੂੰ ਮਿਲੇਗੀ ਮਿਸਾਲੀ ਸਜ਼ਾ-ਐਸ.ਐਸ.ਪੀ. ਸੰਧੂ
ਕਪੂਰਥਲਾ, 20 ਜੂਨ : ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਕਪੂਰਥਲਾ ਪੁਲਿਸ ਵਲੋਂ ਸਖਤ ਕਾਰਵਾਈ ਕਰਦੇ ਹੋਏ ਆਪਣੇ ਸਬ ਇੰਸਪੈਕਟਰ ਤੇ ਏ.ਐਸ.ਆਈ. ਵਲੋਂ ਨਸ਼ਾ ਤਸਕਰ ਨੂੰ 20 ਲੱਖ ਰੁਪੈ ਲੈ ਕੇ ਛੱਡਣ ਦੇ ਮਾਮਲੇ ਵਿਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਕਪੂਰਥਲਾ ਸ੍ਰੀ ਰਾਜਪਾਲ ਸਿੰਘ ਸੰਧੂ ਵਲੋਂ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਦਿਆਂ ਜਿੱਥੇ ਪੁਲਿਸ ਪਾਰਟੀਆਂ ਵਲੋਂ ਏ.ਐਸ.ਆਈ. ਨੂੰ ਛਾਪੇਮਾਰੀ ਦੌਰਾਨ ਗਿ੍ਫਤਾਰ ਕਰ ਲਿਆ ਗਿਆ ਹੈ ਉੱਥੇ ਹੀ ਸਬ- ਇੰਸਪੈਕਟਰ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਐਸ.ਐਸ.ਪੀ. ਸ੍ਰੀ ਸੰਧੂ ਵਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਜਲੰਧਰ ਦਿਹਾਤੀ ਦੀ ਪੁਲਿਸ ਵਲੋਂ ਗੁਜ਼ਰਾਲ ਸਿੰਘ ਉਰਫ ਜੋਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਨਸ਼ੇ ਦੇ ਧੰਦੇ ਵਿਚ ਕਾਬੂ ਕਰਨ ਤੋਂ ਪਹਿਲਾਂ ਸਬ-ਇੰਸਪੈਕਟਰ ਹਰਜੀਤ ਸਿੰਘ ਥਾਣਾ ਕੋਤਵਾਲੀ ਕਪੂਰਥਲਾ ਤੇ ਏ.ਐਸ.ਆਈ. ਪਰਮਜੀਤ ਸਿੰਘ 386 ਕਪੂਰਥਲਾ ਚੌਂਕੀ ਇੰਚਾਰਜ ਬਾਦਸ਼ਾਹਪੁਰ ਵਲੋਂ ਉਕਾਰ ਸਿੰਘ ਉਰਫ ਕਾਰੀ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਰਾਹੀਂ 20 ਲੱਖ ਰੁਪੈ ਲੈ ਕੇ ਛੱਡਣ ਸਬੰਧੀ ਖਬਰ ਮਿਲੀ। ਇਸ ਸਬੰਧੀ ਸ੍ਰੀ ਰਮਨਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਨੂੰ ਨਿਰਦੇਸ਼ ਦਿੱਤੇ ਜਿਸ ’ਤੇ ਉਨ੍ਹਾਂ ਮਾਮਲੇ ਦੀ ਪੜਤਾਲ ਪਿੱਛੋਂ ਸਬ ਇੰਸਪੈਕਟਰ ਹਰਜੀਤ ਸਿੰਘ 303-ਕਪੂਰਥਲਾ ਥਾਣਾ ਕੋਤਵਾਲੀ , ਏ.ਐਸ.ਆਈ. ਪਰਮਜੀਤ ਸਿੰਘ 386-ਕਪੂਰਥਲਾ ਚੌਂਕੀ ਇੰਚਾਰਜ ਬਾਦਸ਼ਾਹਪੁਰ ਤੇ ਉਕਾਰ ਸਿੰਘ ਉਰਫ ਕਾਰੀ ਤੇ ਗੁਜ਼ਰਾਲ ਸਿੰਘ ਉਰਫ ਜੋਗਾ ਵਿਰੁੱਧ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਵਿਖੇ ਮੁਕੱਦਮਾ ਨੰਬਰ 76 ਮਿਤੀ 20 ਜੂਨ ਨੂੰ ਧਾਰਾ 222, 120 ਬੀ ਭਿ੍ਰਸ਼ਟਾਚਾਰ ਰੋਕੂ ਐਕਟ 1988 ਤਹਿਤ ਦਰਜ ਕੀਤਾ ਗਿਆ। ਦੋਸ਼ੀਆਂ ਦੀ ਗਿ੍ਰਫਤਾਰੀ ਲਈ ਦੋ ਵੱਖ-ਵੱਖ ਟੀਮਾਂ ਵਲੋਂ ਰੇਡ ਦੌਰਾਨ ਏ.ਐਸ.ਆਈ. ਪਰਮਜੀਤ ਸਿੰਘ ਤੇ ਉਕਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਸਬ ਇੰਸਪੈਕਟਰ ਹਰਜੀਤ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰੇਡ ਦੌਰਾਨ ਉਕਤ ਦੇ ਟਿਕਾਣਿਆਂ ਤੋਂ ਕੁਝ ਨਕਦੀ ਤੇ ਬੈਂਕ ਦਸਤਾਵੇਜ ਵੀ ਮਿਲੇ ਹਨ ਜਿਨ੍ਹਾਂ ਦੀ ਘੋਖ ਜਾਰੀ ਹੈ। ਐਸ.ਐਸ.ਪੀ. ਸ਼੍ਰੀ ਸੰਧੂ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਉਨ੍ਹਾਂ ਨਾਲ ਮਿਲੀਭੁਗਤ ਰੱਖਣ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਪੜਤਾਲ ਦੌਰਾਨ ਦੋਸ਼ੀ ਗੁਜ਼ਰਾਲ ਸਿੰਘ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਅਨੇਕਾਂ ਮਾਮਲੇ ਦਰਜ ਪਾਏ ਗਏ ਹਨ।