- ਡੀਲਰਾਂ ਜਾਂ ਆਰ.ਟੀ.ਏ/ਐਸ.ਡੀ.ਐਮ ਦੀ ਆਈ.ਡੀ ਤੋਂ ਟਰੈਕਟਰ ਦੀ ਰਜਿਸਟ੍ਰੇਸ਼ਨ ਕਰਵਾ ਸਕਣਗੇ ਕਿਸਾਨ
ਹੁਸ਼ਿਆਰਪੁਰ, 16 ਜੂਨ : ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ ਆਰ.ਐਸ. ਗਿੱਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਟ੍ਰੈਮ-3 ਸਟੈਂਡਰਡ ਦੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 30 ਜੂਨ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿਚ ਇਸ ਸਬੰਧੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਕਿਸਾਨ ਅਤੇ ਡੀਲਰ ਸਿਰਫ 30 ਜੂਨ ਤੱਕ ਟ੍ਰੈਮ-3 ਸਟੈਂਡਰਡ ਦੇ ਟਰੈਕਟਰਾਂ ਦੀ ਰਜਿਸਟਰੇਸ਼ਨ ਕਰਵਾ ਸਕਣਗੇ। ਉਨ੍ਹਾਂ ਕਿਹਾ ਕਿ ਡੀਲਰ ਆਪਣੀ ਆਈ.ਡੀ. ਤੋਂ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦੇ ਹਨ ਅਤੇ ਜਿਥੇ ਡੀਲਰਾਂ ਆਈ.ਡੀ ਉਪਲਬੱਧ ਨਹੀਂ ਹੈ, ਉਥੇ ਆਰ.ਟੀ.ਏ/ਐਸ.ਡੀ.ਐਮ ਦੀ ਆਈ.ਡੀ ਤੋਂ ਟਰੈਕਟਰ ਦੀ ਰਜਿਸਟ੍ਰੇਸ਼ਨ ਹੋਵੇਗੀ। ਸਕੱਤਰ ,ਰਿਜਨਲ ਟਰਾਂਸਪੋਰਟ ਅਥਾਰਟੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਾਰੇ ਕੰਸਟ੍ਰਕਸ਼ਨ ਇਕੂਅਪਮੈਂਟ ਵਹੀਕਲਜ ਟ੍ਰੈਮ 3ਏ ਅਤੇ 3 ਵਾਹਨਾਂ (ਟਰੈਕਟਰ, ਕੰਬਾਇਨ ਹਾਰਵੈਸਟਰ, ਪਾਵਰ ਟਿੱਲਰ, ਜੇ.ਸੀ.ਬੀ, ਕਰੇਨ, ਪੋਕਲੇਨ ਆਦਿ) ਨੂੰ ਆਫਲਾਈਨ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਰਜਸ਼ੀਲ ਵਿਸ਼ੇਸ਼ ਰਜਿਸਟ੍ਰੇਸ਼ਨ ਅਥਾਰਟੀਆਂ ਭਾਵ ਡੀਲਰ ਆਨਲਾਈਨ ਰਜਿਸਟ੍ਰੇਸ਼ਨ ਕਰਨਗੇ, ਜਦਕਿ ਆਰ.ਟੀ.ਏ/ਐਸ.ਡੀ.ਐਮ ਆਫਲਾਈਨ ਰਜਿਸਟ੍ਰੇਸ਼ਨ ਕਰ ਸਕਣਗੇ।