ਜਲੰਧਰ, 27 ਜੁਲਾਈ : ਲੋਹੀਆਂ ਬਲਾਕ 'ਚ ਹੜ੍ਹ ਪ੍ਰਭਾਵਿਤ ਖੇਤਰ ਦੇ ਦੌਰੇ ਤੋਂ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਅਨੁਮਾਨ ਦੀ ਪ੍ਰਕਿਰਿਆ ਆਉਂਦੇ 15 ਦਿਨਾਂ ਤੱਕ ਮੁਕੰਮਲ ਹੋਣ ਹੋ ਜਾਵੇਗੀ। ਇਸ ਉਪਰੰਤ ਸਰਵੇ ਰਿਪੋਰਟਾਂ ਦੇ ਅਧਾਰ 'ਤੇ ਹੜ੍ਹ ਦੀ ਮਾਰ ਹੇਠ ਆਏ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੀਤੇ ਗਏ ਰਾਹਤ ਤੇ ਮੁੜ ਵਸੇਬਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਗਿੱਦੜਪਿੰਡੀ 'ਚ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਿਨ-ਰਾਤ ਇਕ ਕਰ ਕੇ ਹੜ੍ਹ ਦੀ ਲਪੇਟ ਵਿਚ ਆਉਣ ਵਾਲੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ। ਉਨ੍ਹਾਂ ਨੇ ਰਾਹਤ ਕਾਰਜਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਗਲਾ ਕਾਰਜ ਖ਼ਰਾਬੇ ਦਾ ਬਣਦਾ ਮੁਆਵਜ਼ਾ ਦੇਣਾ ਹੈ, ਜਿਸ ਲਈ ਵੱਖ-ਵੱਖ ਵਿਭਾਗਾਂ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਕਾਰਜ ਨੂੰ 100 ਫੀਸਦੀ ਮੁਕੰਮਲ ਕਰਕੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਜਾਰੀ ਕੀਤਾ ਜਾ ਰਿਹਾ ਹੈ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਹੋਰਨਾਂ ਅਧਿਕਾਰੀਆਂ ਸਮੇਤ ਗਿੱਦੜਪਿੰਡੀ ਪੁਲ 'ਤੇ ਲੋਕਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਰਾਹਤ ਕੈਂਪ ਲਾ ਕੇ ਫ਼ੌਜ, ਪੰਜਾਬ ਪੁਲਿਸ, ਐੱਨਡੀਆਰਐੱਫ, ਐੱਸਡੀਆਰਐੱਫ ਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਗਈ। ਉਨ੍ਹਾਂ ਨੇ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਤੋਂ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ ਤੇ ਭਰੋਸਾ ਦਿੱਤਾ ਕਿ ਹਰ ਸੰਭਵ ਮਦਦ ਯਕੀਨੀ ਬਣਾਈ ਜਾਵੇਗੀ। ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੇ ਹੋਰਨਾਂ ਅਧਿਕਾਰੀਆਂ ਨੇ ਆਉਣ ਵਾਲੇ ਸਮੇਂ ਵਿੱਚ ਇਸ ਖੇਤਰ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਦੱਸਿਆ। ਰਾਜਪਾਲ ਨੇ ਕਿਹਾ ਕਿ ਧੁੱਸੀ ਬੰਨ੍ਹ 'ਚ ਪਏ ਦੋ ਵੱਡੇ ਪਾੜਾਂ ਕਾਰਨ ਲੋਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ। ਇਲਾਕੇ 'ਚ 20000 ਏਕੜ ਦੇ ਕਰੀਬ ਫਸਲਾਂ ਦਾ ਨੁਕਸਾਨ ਹੋਇਆ ਹੈ, ਜਿਨ੍ਹਾਂ 'ਚੋਂ 50 ਫ਼ੀਸਦੀ ਫਸਲਾਂ ਮੁੜ ਬੀਜਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਝੋਨੇ ਦੀ 40 ਫੀਸਦੀ ਫਸਲ ਹੀ ਬਚੀ ਜਦੋਂਕਿ 60 ਫੀਸਦੀ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਮੁਫ਼ਤ ਪਨੀਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਾਂ 'ਚੋਂ ਪਾਣੀ ਘਟਣ ਲੱਗ ਪਿਆ ਹੈ ਤੇ ਝੋਨੇ ਦੀ ਮੁੜ ਬਿਜਾਈ ਸ਼ੁਰੂ ਹੋ ਗਈ ਹੈ। ਰਾਜਪਾਲ ਨੇ ਮੰਨਿਆ ਕਿ ਜਿੰਨੇ ਰਕਬੇ 'ਚ 15 ਅਗਸਤ ਤਕ ਝੋਨੇ ਦੀ ਬਿਜਾਈ ਹੋ ਜਾਵੇਗੀ, ਉਸ ਦੀ ਫਸਲ ਸਮੇਂ ਸਿਰ ਤਿਆਰ ਹੋ ਜਾਵੇਗੀ, ਜਿੱਥੇ ਅਜਿਹਾ ਨਹੀਂ ਹੋਵੇਗਾ, ਉਥੇ ਦੁਬਾਰਾ ਝੋਨਾ ਬੀਜਣਾ ਨੁਕਸਾਨਦੇਹ ਹੋਵੇਗਾ। ਰਾਜਪਾਲ ਬਨਵਾਰੀ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਦੌਰੇ ਦੌਰਾਨ ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ 'ਚ ਬਹੁਤ ਘੱਟ ਲੋਕ ਰੁਕੇ ਹਨ। ਪੰਜਾਬ ਦੀ ਸਥਿਤੀ ਬਾਕੀ ਸੂਬਿਆ ਦੇ ਮੁਕਾਬਲੇ ਬਿਲਕੁਲ ਵੱਖਰੀ ਹੈ। ਇੱਥੇ ਹੜ੍ਹ ਦੀ ਸਥਿਤੀ 'ਚ ਲੋਕਾਂ ਨੇ ਗੁਰਦੁਆਰਾ ਸਾਹਿਬਾਨ 'ਚ ਸ਼ਰਨ ਲੈ ਲਈ, ਕਈ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ। ਸਿਰਫ 30-35 ਫੀਸਦੀ ਲੋਕ ਹੀ ਰਾਹਤ ਕੈਂਪਾਂ 'ਚ ਆਏ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਪੀਣ ਵਾਲਾ ਪਾਣੀ ਤੇ ਰਾਸ਼ਨ ਦੇ ਪੈਕੇਟ ਮੁਹੱਈਆ ਕਰਵਾਏ ਪਰ ਲੋਕਾਂ ਨੇ ਵੀ ਪੀੜਤਾਂ ਲਈ ਖੁੱਲ੍ਹ ਕੇ ਸੇਵਾ ਕੀਤੀ ਹੈ। ਰਾਜਪਾਲ ਨੇ ਕਿਹਾ ਕਿ ਲੋਹੀਆ ਇਲਾਕੇ 'ਚ ਹੜ੍ਹ ਆਉਣ ਦਾ ਮੁੱਖ ਕਾਰਨ ਸਤਲੁਜ ਤੇ ਬਿਆਸ ਦਾ ਹਰੀਕੇ ਪੱਤਣ ਵਿਖੇ ਮਿਲਣਾ ਹੈ। ਗਿੱਦੜਪਿੰਡੀ ਦੇ ਰੇਲਵੇ ਪੁਲ ਤੇ ਹਰੀਕੇ ਪੱਤਣ ਦੇ ਬੈਰਾਜ 'ਚ ਵੱਡੇ ਪੱਧਰ 'ਤੇ ਮਿੱਟੀ ਜਮ੍ਹਾਂ ਹੋ ਚੁੱਕੀ ਹੈ, ਇਸ ਕਾਰਨ ਪਾਣੀ ਦਾ ਵਹਾਅ ਰੁਕਦਾ ਹੈ। ਇਸ ਲਈ ਉਥੋਂ ਮਿੱਟੀ ਕੱਢਵਾਉਣ ਦੀ ਲੋੜ ਹੈ। ਇਹ ਮਿੱਟੀ ਕਾਫੀ ਉਪਜਾਊ ਹੈ ਤੇ ਖੇਤਾਂ 'ਚ ਪਾਉਣ ਦੇ ਕੰਮ ਵੀ ਆ ਸਕਦੀ ਹੈ। ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲੋਂ ਚੰਡੀਗੜ੍ਹ ਤੋਂ ਜਲੰਧਰ ਤੇ ਲੋਹੀਆ ਵਿਖੇ ਗੱਡੀ ਰਾਹੀਂ ਸਫ਼ਰ ਕਰਨ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਗੱਡੀ ਹੀ ਆਰਾਮਦੇਹ ਹੈ। ਉਹ ਆਮ ਲੋਕਾਂ 'ਚੋਂ ਹੀ ਆਏ ਹਨ ਅਤੇ 50 ਸਾਲਾਂ ਦਾ ਸਿਆਸੀ ਜੀਵਨ ਹੈ। ਇਸ ਲਈ ਉਹ ਆਮ ਲੋਕਾਂ ਵਾਂਗ ਵਿਚਰਨ ਤੋਂ ਗੁਰੇਜ਼ ਨਹੀਂ ਕਰਦੇ।
ਮੁੱਖ ਮੰਤਰੀ ਮੇਰੇ ਪੁੱਤਰ ਸਮਾਨ, ਪਰ ਮਾਨ ਵੱਲੋਂ ਵਿਧਾਨ ਸਭਾ ਵਿੱਚ ਉਨ੍ਹਾਂ ਪ੍ਰਤੀ ਵਰਤੀ ਗਈ ਭਾਸ਼ਾ ਪੰਜਾਬੀ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ : ਪੁਰੋਹਿਤ
ਜਲੰਧਰ ਪੁੱਜੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਪੁੱਤਰ ਸਮਾਨ ਹਨ, ਪਰ ਮਾਨ ਵੱਲੋਂ ਵਿਧਾਨ ਸਭਾ ਵਿੱਚ ਉਨ੍ਹਾਂ ਪ੍ਰਤੀ ਵਰਤੀ ਗਈ ਭਾਸ਼ਾ ਪੰਜਾਬੀ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ। ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਲਈ ਬੋਲਦੇ ਹਨ ਕਿ ਮੈਂ ਨਾਗਪੁਰ ਤੋਂ ਹਾਂ ਜਾਂ ਨਾਗਾਲੈਂਡ ਤੋਂ ਆਇਆ ਹਾਂ, ਜੋ ਗਲਤ ਹੈ। ਪੰਜਾਬ ਦਾ ਸੱਭਿਆਚਾਰ ਬੋਲ-ਚਾਲ ਪੱਖੋਂ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਮੇਰੇ ਪੱਤਰਾਂ ਨੂੰ ਅਸੈਂਬਲੀ ਵਿਚ ਲਵ ਲੈਟਰ ਕਿਹਾ ਜਾਂਦਾ ਹੈ, ਪਰ ਉਨ੍ਹਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ।ਰਾਜਪਾਲ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 167 ਤਹਿਤ ਕਿਸੇ ਵੀ ਰਾਜ ਦਾ ਮੁੱਖ ਮੰਤਰੀ ਉਸ ਰਾਜ ਦੇ ਰਾਜਪਾਲ ਨੂੰ ਜਵਾਬਦੇਹ ਹੁੰਦਾ ਹੈ। ਗਵਰਨਰ ਵਜੋਂ ਮੈਂ ਸੰਵਿਧਾਨ ਦੀ ਰਾਖੀ ਲਈ ਸਹੁੰ ਚੁੱਕੀ ਹੈ ਅਤੇ ਪੰਜਾਬ ਵਿੱਚ ਸੰਵਿਧਾਨ ਤੋਂ ਬਾਹਰ ਕੁਝ ਨਹੀਂ ਹੋਣ ਦਿਆਂਗਾ। ਮੈਂ ਨਿਯਮਾਂ ਦੀ ਪਾਲਣਾ ਕਰਦਾ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਵੀ ਪ੍ਰਸ਼ਾਸਨਿਕ ਮਾਮਲਾ ਦੱਸਣਾ ਚਾਹੀਦਾ ਹੈ ਜਿਸ ਵਿਚ ਮੈਂ ਦਖਲ ਦਿੱਤਾ ਹੋਵੇ।ਪੁਰੋਹਿਤ ਨੇ ਅੱਜ ਵੀਰਵਾਰ ਨੂੰ ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਦੀ ਤਹਿਸੀਲ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ। ਰਾਜਪਾਲ ਗਿੱਦੜਪਿੰਡੀ ਦੇ ਪੁਲ ’ਤੇ ਵੀ ਪੁੱਜੇ ਅਤੇ ਉਥੇ ਸਤਲੁਜ ਦਰਿਆ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਰਾਜਪਾਲ ਜਾਇਜ਼ਾ ਲੈਣ ਲਈ ਹਰੀਕੇ ਪੱਤਣ ਵੀ ਗਏ। ਇਸ ਮੌਕੇ ਉਨ੍ਹਾਂ ਨਾਲ ਡੀਸੀ ਵਿਸ਼ੇਸ਼ ਸਾਰੰਗਲ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।