- ਕੈਬਨਿਟ ਮੰਤਰੀ ਨੇ ਸੰਸਥਾ ਵਲੋਂ ਕੱਢੀ ਗਈ ਐਨੀਮਲ ਸੇਫਟੀ ਅਵੇਅਰਨੈਸ ਰੈਲੀ ਦੀ ਕਰਵਾਈ ਸ਼ੁਰੂਆਤ
- ਕਿਹਾ, ਬੇਜ਼ੁਬਾਨ ਜਾਨਵਰਾਂ ਦਾ ਇਲਾਜ ਅਤੇ ਸੁਰੱਖਿਆ ਕਰਨਾ ਸ਼ਲਾਘਾਯੋਗ ਕਾਰਜ
ਹੁਸ਼ਿਆਰਪੁਰ, 12 ਅਕਤੂਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਨਵਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਇਲਾਜ ਲਈ ‘ਵਾਇਸਲੈਸ ਸੈਕੰਡ ਇਨਿੰਗ ਸ਼ੈਲਟਰ’ ਵਲੋਂ ਜੋ ਕਾਰਜ ਕੀਤਾ ਜਾ ਰਿਹਾ ਹੈ, ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਉਹ ਘੱਟ ਹਨ। ਉਹ ‘ਵਾਇਸਲੈਸ ਸੈਕੰਡ ਇਨਿੰਗ ਸ਼ੈਲਟਰ’ ਵਲੋਂ ਕੱਢੀ ਗਈ ਐਨੀਮਲ ਸੇਫਟੀ ਅਵੇਅਰਨੈਸ ਰੈਲੀ ਦੀ ਸ਼ੁਰੂਆਤ ਕਰਵਾਉਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਪਰਮਾਤਮਾ ਦਾ ਕੰਮ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਸਮਾਜ ਹਿੱਤ ਦੇ ਹਰ ਕਾਰਜ ਲਈ ਵੱਧ-ਚੜ੍ਹ ਕੇ ਯੋਗਦਾਨ ਦੇਣ ਲਈ ਵਚਨਬੱਧ ਹੈ ਅਤੇ ਇਸੇ ਤਰ੍ਹਾਂ ਦੇ ਕੰਮ ਲਗਾਤਾਰ ਉਤਸ਼ਾਹਿਤ ਵੀ ਕਰਨਗੇ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਖਮੀ ਜਾਨਵਰਾਂ ਦੇ ਇਲਾਜ ਲਈ ਜ਼ਰੂਰ ਅੱਗੇ ਆਉਣ ਅਤੇ ਜਿੰਨਾ ਹੋ ਸਕੇ ਆਪਣਾ ਸਹਿਯੋਗ ਜ਼ਰੂਰ ਕਰਨ ਕਿਉਂਕਿ ਬੇਜ਼ੁਬਾਨਾਂ ਦੀ ਮਦਦ ਕਰਨਾ ਸਭ ਤੋਂ ਵੱਧ ਪੁੰਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ’ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ‘ਵਾਇਸਲੈਸ ਸੈਕੰਡ ਇਨਿੰਗ ਸ਼ੈਲਟਰ’ ਦੇ ਵਲੰਟੀਅਰ ਸ਼ਹਿਰ ਵਿਚ ਜਖਮੀ ਪਸ਼ੂਆਂ, ਗਾਵਾਂ, ਸਾਨ੍ਹਾਂ, ਕੁੱਤਿਆਂ, ਬਿੱਲੀਆਂ ਆਦਿ ਦੇ ਇਲਾਜ ਵਿਚ ਕਾਫ਼ੀ ਅਹਿਮ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਬੇਜ਼ੁਬਾਨ ਜਾਨਵਰਾਂ ਲਈ ਅੱਗੇ ਆ ਕੇ ਸੰਸਥਾ ਨੇ ਇਕ ਮਿਸਾਲ ਕਾਇਮ ਕੀਤੀ ਹੈ, ਜੋ ਕਿ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਕੰਮਾਂ ਲਈ ਪ੍ਰੇਰਿਤ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਸੰਸਥਾ ਦੇ ਵਲੰਟੀਅਰਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਵੀਨ ਗਰੋਵਰ, ਜਤਿੰਦਰ ਨਾਗਰ, ਪਾਰਸ, ਰਸ਼ਿਮ, ਗੌਰਵ, ਨਵਜੋਤ, ਕੌਂਸਲਰ ਮੁਖੀ ਰਾਮ, ਸੁਮੇਸ਼ ਸੋਨੀ, ਵਰਿੰਦਰ ਵੈਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।