ਜਲੰਧਰ, 24 ਮਾਰਚ : ਤਿੰਨ ਰੋਜ਼ਾ 6ਵੀਂ ਵੁਸ਼ੂ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ 2022-23 ਅੱਜ ਮੇਜ਼ਬਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਵਿਖੇ ਸਮਾਪਤ ਹੋ ਗਈ, ਜਿੱਥੇ ਰਾਜਸਥਾਨ ਦੀ ਟੀਮ ਨੂੰ 68 ਸਕੋਰਾਂ ਨਾਲ 'ਓਵਰਆਲ ਚੈਂਪੀਅਨ' ਐਲਾਨਿਆ ਗਿਆ। ਹਰਿਆਣਾ 51 ਅਤੇ ਉੱਤਰ ਪ੍ਰਦੇਸ਼ 50 ਸਕੋਰਾਂ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। 'ਸਾਂਡਾ' ਅਤੇ 'ਤਾਓਲੂ' ਖੇਡਾਂ ਲਈ ਵੱਖਰੇ ਤੌਰ 'ਤੇ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਟਰਾਫੀਆਂ ਵੀ ਸੌਂਪੀਆਂ ਗਈਆਂ। ਭਾਰਤ ਦੇ 28 ਰਾਜਾਂ ਦੇ ਲਗਭਗ 450 ਖਿਡਾਰੀਆਂ ਨੇ ਇਸ ਈਵੈਂਟ ਵਿੱਚ ਭਾਗ ਲਿਆ ਸੀ, ਜਿਨ੍ਹਾਂ ਸਾਰਿਆਂ ਵਾਸਤੇ ਨਿਰਣਾ ਦੇਸ਼ ਦੇ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵੁਸ਼ੂ ਅਧਿਕਾਰੀਆਂ ਦੁਆਰਾ ਕੀਤਾ ਗਿਆ ਸੀ। ਸ਼ਾਨਦਾਰ ਸਟਰਾਈਕਿੰਗ, ਗਰੈਪਲਿੰਗ, ਥ੍ਰੋਅ ਅਤੇ ਵਿਸ਼ੇਸ਼ ਪ੍ਰਦਰਸ਼ਨ ਚੈਂਪੀਅਨਸ਼ਿਪ ਦਾ ਧਿਆਨ-ਕੇਂਦਰ ਸਨ। ਪੁਰਸਕਾਰ ਸਮਾਰੋਹ ਦੀ ਮੁੱਖ ਮਹਿਮਾਨ, ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲ ਦਿੱਤੇ। ਚੈਂਪੀਅਨਸ਼ਿਪ ਵਿੱਚ ਸਭ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀਮਤੀ ਮਿੱਤਲ ਨੇ ਕਿਹਾ: "ਅਜਿਹੇ ਮੁਕਾਬਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਗਰਿਕਾਂ ਵਿੱਚ ਮਿਸਾਲੀ ਦੋਸਤੀ ਨੂੰ ਵਧਾ ਕੇ ਵਧੀਆ ਹੁਨਰਾਂ ਨੂੰ ਸਾਂਝਾ ਕਰਦੇ ਹਨ।" ਸ੍ਰੀਮਤੀ ਮਿੱਤਲ ਨੇ ਅਗਾਮੀ ਏਸ਼ਿਆਈ ਅਤੇ ਵਿਸ਼ਵ ਵੁਸ਼ੂ ਚੈਂਪੀਅਨਸ਼ਿਪ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਆਯੋਜਨ ਦਾ ਉਦਘਾਟਨ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸ਼੍ਰੀ ਐਚ.ਐਸ.ਬਰਾਤ ਨੇ ਕੀਤਾ ਸੀ। ਵੁਸ਼ੂ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਆਈ.ਪੀ.ਐਸ. ਅਫਸਰ); ਸੀਈਓ, ਵੁਸ਼ੂ ਐਸੋਸੀਏਸ਼ਨ ਆਫ ਇੰਡੀਆ, ਸੋਹੇਲ ਅਹਿਮਦ; ਐਲਪੀਯੂ ਵਿਖੇ ਸੀਨੀਅਰ ਡੀਨ ਵਿਦਿਆਰਥੀ ਭਲਾਈ ਵਿੰਗ, ਡਾ ਸੋਰਭ ਲਖਨਪਾਲ; ਅਤੇ ਵੁਸ਼ੂ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇਸ ਚੈਂਪੀਅਨਸ਼ਿਪ ਦਾ ਆਯੋਜਨ ਪੰਜਾਬ ਵੁਸ਼ੂ ਐਸੋਸੀਏਸ਼ਨ ਵੱਲੋਂ ਵੁਸ਼ੂ ਐਸੋਸੀਏਸ਼ਨ ਆਫ ਇੰਡੀਆ (ਡਬਲਯੂ.ਏ.ਆਈ.) ਦੇ ਸਹਿਯੋਗ ਨਾਲ ਕੀਤਾ ਗਿਆ। ਮੁਕਾਬਲੇ ਅਤੇ ਮਾਰਸ਼ਲ ਡਿਸਪਲੇਅ ਦੇ ਅੰਤਮ ਦਿਨ, ਵੱਖ-ਵੱਖ ਭਾਰ ਵਰਗਾਂ ਵਿੱਚ ਜੇਤੂ ਪੁਰਸ਼ਾਂ ਅਤੇ ਔਰਤਾਂ ਨੂੰ ਕਈ ਵਿਅਕਤੀਗਤ ਸੋਨ, ਚਾਂਦੀ ਅਤੇ ਕਾਂਸੀ ਦੇ ਮੈਡਲ ਵੀ ਦਿੱਤੇ ਗਏ। ਜਿਕਰਯੋਗ ਹੈ ਕਿ ਵੁਸ਼ੂ ਸੇਨੇਗਲ ਦੇ ਡਕਾਰ ਵਿੱਚ 2026 ਸਮਰ ਯੂਥ ਓਲੰਪਿਕ ਦੌਰਾਨ ਇੱਕ ਓਲੰਪਿਕ ਮੁਕਾਬਲੇ ਦੇ ਪ੍ਰੋਗਰਾਮ ਵਿੱਚ ਆਪਣੀ ਪਹਿਲੀ ਪੇਸ਼ਕਾਰੀ ਕਰੇਗਾ। ਰਵਾਇਤੀ ਚੀਨੀ ਮਾਰਸ਼ਲ ਆਰਟਸ ਦੇ ਸੰਦਰਭ ਵਿੱਚ ਇੱਕ ਲੰਮਾ ਇਤਿਹਾਸ ਹੋਣ ਕਰਕੇ, ਇਹ ਇੱਕ ਪੂਰੀ-ਸੰਪਰਕ ਵਾਲੀ ਖੇਡ ਵੀ ਹੈ। ਵਰਤਮਾਨ ਵਿੱਚ, ਭਾਰਤੀ ਖਿਡਾਰੀਆਂ, ਖਾਸ ਤੌਰ 'ਤੇ ਪੰਜਾਬ, ਹਰਿਆਣਾ, ਮਨੀਪੁਰ, ਕਰਨਾਟਕ, ਮਹਾਰਾਸ਼ਟਰ ਅਤੇ ਹੋਰ ਰਾਜਾਂ ਦੇ ਖਿਡਾਰੀਆਂ, ਨੇ ਖੇਡ ਦੇ ਪ੍ਰਮੁੱਖ ਹੁਨਰ ਨੂੰ ਅਪਣਾਇਆ ਹੈ। ਇਸ ਖੇਡ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਹੈ ਕਿ ਅਮਰੀਕਾ, ਕੈਨੇਡਾ, ਰੂਸ, ਚੀਨ, ਇਟਲੀ, ਹਾਂਗਕਾਂਗ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਹੋਰ ਕਈ ਦੇਸ਼ਾਂ ਵਿੱਚ ਕਈ ਵਿਸ਼ਵ ਵੁਸ਼ੂ ਚੈਂਪੀਅਨਸ਼ਿਪਾਂ ਪਹਿਲਾਂ ਹੀ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ।