- ਨਸ਼ਿਆਂ ‘ਤੇ ਨਕੇਲ ਕੱਸਣ ਲਈ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਲਗਾਵਾਏ ਜਾਣ ਜਾਗਰੂਕਤਾ ਸੈਮੀਨਾਰ
ਨਵਾਂਸ਼ਹਿਰ, 5 ਜੁਲਾਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਐਨ.ਸੀ.ਓ.ਆਰ.ਡੀ. ਸਬੰਧੀ ਬਣਾਈ ਗਈ ਕਮੇਟੀ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਨਸ਼ੇ ਦਾ ਪ੍ਰਭਾਵ ਵੱਧ ਹੈ, ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਬਣਾ ਕੇ ਪਿੰਡਾਂ ਵਿੱਚ ਕਮੇਟੀਆਂ ਬਣਾ ਕੇ ਨਸ਼ੇ ਤੋਂ ਪ੍ਰਭਾਵਿਤ ਨੌਜਵਾਨਾਂ ਦੀ ਪਛਾਣ ਕਰਕੇ ਲਿਸਟਾਂ ਤਿਆਰ ਕੀਤੀਆਂ ਜਾਣ ਅਤੇ ਉਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਿੰਨੇ ਵੀ ਮੈਡੀਕਲ ਸਟੋਰ ਹਨ, ਉਨ੍ਹਾਂ ਸਾਰੇ ਮੈਡੀਕਲ ਸਟੋਰਾਂ ਦੇ ਮਾਲਕਾਂ ਤਾਲਮੇਲ ਕਰਕੇ ਮੈਡੀਕਲ ਸਟੋਰਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣ, ਤਾਂ ਜੋ ਮੈਡੀਕਲ ਸਟੋਰਾਂ ਉਪਰ ਨਿਗਰਾਨੀ ਰੱਖੀ ਜਾ ਸਕੇ। ਜੇਕਰ ਕੋਈ ਵੀ ਮੈਡੀਕਲ ਸਟੋਰ ਦਾ ਮਾਲਕ ਕਿਸੇ ਵੀ ਪ੍ਰਕਾਰ ਦਾ ਡਰੱਗ ਦਾ ਧੰਦਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਮੀਟਿੰਗ ਵਿੱਚ ਆਏ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ-ਆਪਣੇ ਏਰੀਏ ਵਿੱਚ ਵੱਧ ਤੋਂ ਵੱਧ ਸੈਮੀਨਾਰ ਕਰਵਾਏ ਜਾਣ। ਡੀ.ਐਸ.ਪੀ.ਅਮਰ ਨਾਥ ਨੇ ਦੱਸਿਆ ਕਿ ਕਿ ਜੂਨ 2023 ਵਿੱਚ ਨਸ਼ਾ ਤਸਕਰਾਂ ਦੇ ਖਿਲਾਫ਼ 31 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 36 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ, ਪਾਸੋਂ 245 ਗ੍ਰਾਮ ਹੈਰੋਇਨ, 31 ਨਸ਼ੀਲੇ ਟੀਕੇ, 415 ਨਸ਼ੀਲੀਆਂ ਗੋਲੀਆਂ, 100 ਨਸ਼ੀਲੇ ਕੈਪਸੂਲ ਅਤੇ 2,79,000 ਰੁਪਏ ਡਰੱਗ ਮਨੀ ਬ੍ਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 15 ਨਸ਼ੇ ਤੋਂ ਪ੍ਰਭਾਵਿਤ ਪਿੰਡਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਵਾਰਡ ਨੰਬਰ 1 ਕੱਲਰਾ ਮੁਹੱਲਾ ਨਵਾਂਸ਼ਹਿਰ, ਲੰਗੜੋਆ, ਜੱਬੋਵਾਲ, ਸੋਇਤਾ, ਰਾਹੋਂ, ਉੜਾਪੜ, ਔੜ, ਪਰਾਗਪੁਰ, ਲੱਖਪੁਰ, ਥਾਂਦੀਆਂ, ਭੋਰਾ, ਜੰਡਿਆਲਾ, ਲੰਗੇਰੀ ਅਤੇ ਕਮਾਮ ਸਿੰਬਲ ਮਜਾਰਾ ਸ਼ਾਮਿਲ ਹਨ। ਡੀ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸਕੂਲਾਂ, ਕਾਲਜਾਂ, ਪਿੰਡ, ਮੁਹੱਲੇ, ਬੱਸ ਸਟੈਂਡ, ਟੈਕਸੀ ਸਟੈਂਡ ਵਿੱਚ ਹੁਣ ਤੱਕ 74 ਸੈਮੀਨਾਰ ਲਗਾ ਕੇ ਨੌਜਵਾਨਾਂ, ਬੱਚਿਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਜੀ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਨੂੰ ਰੋਕਣ ਲਈ ਪਿੰਡਾਂ ਵਿੱਚ ਵੀ ਸਮੇਂ-ਸਮੇਂ ‘ਤੇ ਸਰਚ ਅਪ੍ਰੇਸ਼ਨ ਅਤੇ ਨਾਕਾਬੰਦੀਆਂ ਕਰਕੇ ਚੈਕ ਕੀਤਾ ਜਾ ਰਿਹਾ ਹੈ, ਤਾਂ ਜੋ ਨਸ਼ੇ ਦੀ ਸਮਗਲਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਜੂਨ 2023 ਓ.ਓ.ਏ.ਟੀ ਸੈਂਟਰਾਂ ਵਿੱਚ 20 ਨਵੇਂ ਮਰੀਜ ਅਤੇ ਡੀ-ਅਡੀਸ਼ਨ ਸੈਂਟਰ ਵਿੱਚ 252 ਮਰੀਜ਼ਾਂ ਦਵਾਈ ਲਈ ਅਤੇ ਡੀ-ਅਡੀਸ਼ਨ ਸੈਂਟਰ ਵਿੱਚ 57 ਮਰੀਜ਼ ਦਾਖਿਲ ਹੋਏ।