ਬਲਾਚੌਰ, 13 ਅਕਤੂਬਰ : ਭਾਸ਼ਾ ਵਿਭਾਗ ਵੱਲੋਂ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਟ ਕਾਲਜ ਬਲਾਚੌਰ ਦੇ ਸਹਿਯੋਗ ਨਾਲ ਪਦਮ ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਸੋਮਾ ਸਬਲੋਕ, ਗੁਰਦੀਪ ਸੈਣੀ, ਬੱਬੂ ਸੈਣੀ, ਕੰਵਰ ਪੋਸਵਾਲ, ਅਨੀ ਕਾਠਗੜ੍ਹ, ਸੁਨੀਲ ਚੰਦਿਆਣਵੀ, ਯਤਿੰਦਰ ਮਾਹਲ, ਰਜਨੀ ਸ਼ਰਮਾ, ਕੰਵਰਜੀਤ ਕੰਵਲ, ਡਾ. ਮਨਦੀਪ ਸਿੰਘ, ਤਲਵਿੰਦਰ ਸ਼ੇਰਗਿੱਲ, ਕੁਲਵਿੰਦਰ ਕੁੱਲਾ, ਬਲਵਿੰਦਰ ਚਹਿਲ ਅਤੇ ਡਾ. ਕਮਲਪ੍ਰੀਤ ਕੌਰ ਨੇ ਕਵਿਤਾ/ਪਾਠ ਲਈ ਸ਼ਮੂਲੀਅਤ ਕੀਤੀ। ਸਮਾਗਮ ਦੇ ਆਰੰਭ ਵਿੱਚ ਕਾਲਜ ਵੱਲੋਂ ਪ੍ਰੋ. ਰੂਬੀ ਵੱਲੋਂ ਪੁੱਜੇ ਮੁੱਖ ਮਹਿਮਾਨਾਂ, ਕਵੀਆਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ਆਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਨਾਲ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਦਾ ਵਿਕਾਸ ਹੋਵੇਗਾ ਅਤੇ ਉਹ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਣ ਲਈ ਭਾਸ਼ਾ ਵਿਭਾਗ ਨੂੰ ਭਰਪੂਰ ਸਹਿਯੋਗ ਦੇਣਗੇ। ਮੁੱਖ ਮਹਿਮਾਨ ਚੇਤਨ ਸਿੰਘ ਨੇ ਭਾਸ਼ਾ ਵਿਭਾਗ ਦੇ ਮਾਣਮੱਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਾਹਿਤ ਪੜਨ ਲਈ ਪ੍ਰੇਰਿਤ ਕੀਤਾ। ਪ੍ਰਧਾਨਗੀ ਭਾਸ਼ਣ ਵਿੱਚ ਪਦਮ ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਇਸ ਕਵੀ ਦਰਬਾਰ ਦੀ ਵੱਡੀ ਪ੍ਰਾਪਤੀ ਇਹ ਹੈ ਕਿ ਇਸ ਵਿੱਚ ਨੌਜਵਾਨ ਕਵੀਆਂ ਦੀ ਚੜ੍ਹਤ ਰਹੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਕਵਿਤਾ ਦਾ ਭਵਿੱਖ ਰੌਸ਼ਨ ਹੈ ਅਤੇ ਨਵੇਂ ਕਵੀ ਪੰਜਾਬੀ ਕਵਿਤਾ ਨੂੰ ਵਿਕਾਸ ਵੱਲ ਲਿਜਾ ਰਹੇ ਹਨ। ਉਨ੍ਹਾਂ ਨੇ ਸਰੋਤਿਆਂ ਨੂੰ ਖ਼ੂਬਸੂਰਤ ਨਜ਼ਮਾਂ ਅਤੇ ਗ਼ਜ਼ਲਾਂ ਵੀ ਸੁਣਾਈਆਂ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਦੀਪ ਸਿੰਘ ਨੇ ਇਸ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਵਿਭਾਗ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਭਾਸ਼ਾ ਵਿਭਾਗ ਵੱਲੋਂ ਮੁੱਖ ਮਹਿਮਾਨਾਂ ਅਤੇ ਸਮੂਹ ਕਵੀਆਂ ਨੂੰ ਸਨਮਾਨ ਵਜੋਂ ਬੂਟੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਭਾਸ਼ਾ ਵਿਭਾਗ ਦੇ ਗਗਨਦੀਪ ਸਿੰਘ, ਹਨੀ ਕੁਮਾਰ, ਹਰਪ੍ਰੀਤ ਸਿੰਘ, ਕਾਲਜ ਦੇ ਸਟਾਫ਼ ਪ੍ਰੋ. ਪਰਮਿੰਦਰ ਸਿੰਘ ਸੰਧੂ, ਡਾ. ਕਮਲਪ੍ਰੀਤ ਕੌਰ, ਪ੍ਰੋ. ਬਲਵਿੰਦਰ ਚਹਿਲ, ਪ੍ਰੋ. ਦਾਕਸ਼ੀ ਜੈਨ, ਪ੍ਰੋ. ਨੰਦਿਨੀ, ਪ੍ਰੋ. ਹਰੀ ਕ੍ਰਿਸ਼ਨ, ਪ੍ਰੋ. ਗੁਰਦੀਪ ਕੌਰ, ਪ੍ਰੋ. ਸੁਖਜੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਤਮੰਨਾ, ਪ੍ਰੋ. ਸੰਦੀਪ ਕੌਰ, ਪ੍ਰੋ. ਸ਼ਾਇਨਾ ਚੌਧਰੀ, ਪ੍ਰੋ. ਅੰਜਲੀ, ਡਾ. ਸਰਬਜੀਤ ਸਿੰਘ, ਨਿਰਮਲ ਸਿੰਘ, ਰਾਮ, ਸੰਜੇ ਕੁਮਾਰ, ਰਮਨ, ਡਾਕਟਰ ਸੁਨੀਲ ਪਾਠਕ, ਦੀਦਾਰ ਸਿੰਘ ਬਲਾਚੌਰੀਆ,ਕਲਮ ਗਹੂੰਣ ਅਤੇ ਹੋਰ ਸ਼ਾਮਲ ਰਹੇ।