ਜਿੰਪਾ ਨੇ ਵਣ ਮਹਾਉਤਸਵ ਦੌਰਾਨ ਹਿੰਦੂ ਗਊ ਰਕਸ਼ਣੀ ਗਊਸ਼ਾਲਾ ’ਚ ਲਗਾਏ ਪੌਦੇ

  • ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਕੀਤੀ ਅਪੀਲ
  • ਗਊਸ਼ਾਲਾ ’ਚ ਗਊ ਸੇਵਾ ਤੇ ਗਊ ਪੂਜਨ ਵੀ ਕੀਤਾ

ਹੁਸ਼ਿਆਰਪੁਰ, 5 ਅਗਸਤ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸ਼੍ਰੀ ਹਿੰਦੂ ਗਊ ਰਕਸ਼ਣੀ ਗਊਸ਼ਾਲਾ ਵਿਚ ਵਣ ਮਹਾਉਤਸਵ ਦੌਰਾਨ ਵਣ ਵਿਭਾਗ ਦੇ ਸਹਿਯੋਗ ਨਾਲ ਪੌਦੇ ਲਗਾਏ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਵਿਚ ਗਊ ਸੇਵਾ ਕਰਦੇ ਹੋਏ ਗਊ ਪੂਜਨ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਹਰਮੀਤ ਸਿੰਘ ਔਲਖ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਹੋਰ ਪਤਵੰਤਿਆਂ ਨਾਲ ਗਊਸ਼ਾਲਾ ਵਿਚ ਪੌਦੇ ਲਗਾਉਂਦੇ ਹੋਏ ਲੋਕਾਂ ਨੂੰ ਮਾਨਸੂਨ ਮੌਸਮ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਵੀ ਰਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਾਤਾਵਰਣ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ, ਜਿਸ ਦਾ ਕਾਰਨ ਵਣ ਖੇਤਰ ਦਾ ਘੱਟ ਹੋਣਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਸੰਤੁਲਨ ਨੂੰ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਜ਼ਰੂਰਤ ਹੈ, ਕਿਉਂਕਿ ਪੌਦਿਆਂ ਨਾਲ ਵਾਤਾਵਰਣ ਦਾ ਸੰਤੁਲਨ ਬਣਿਆ ਰਹਿੰਦਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਲੋਕਾਂ ਨੂੰ ਅਪੀਲ ਕਰਦੇ ਹੋੲ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਬਜ਼ੁਰਗਾਂ ਦੀ ਯਾਦ ਵਿਚ ਪੌਦੇ ਲਗਾਉਣ। ਇਸ ਨਾਲ ਪੌਦਿਆਂ ਨਾਲ ਵਿਸ਼ੇਸ਼ ਲਗਾਵ ਬਣਦਾ ਹੈ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਜਾਂ ਚਾਰ ਸਾਲ ਪੌਦਿਆਂ ਦੀ ਦੇਖਭਾਲ ਜ਼ਰੂਰ ਕਰਨ। ਇਸ ਮੌਕੇ ਡੀ.ਐਫ.ਓ ਹੁਸ਼ਿਆਰਪੁਰ ਅਨਿਲ ਯਾਦਵ, ਕੌਂਸਲਰ ਵਿਜੇ ਅਗਰਵਾਲ, ਜਸਪਾਲ ਸਿੰਘ ਚੇਚੀ, ਪ੍ਰਦੀਪ ਬਿੱਟੂ, ਬਲਵਿੰਦਰ ਬਿੰਦੀ, ਮੋਨਿਕਾ ਕਤਨਾ, ਮੁਖੀ ਰਾਮ, ਮੋਹਿਤ ਸੈਣੀ, ਵਣ ਰੇਂਜ ਅਫ਼ਸਰ ਜਤਿੰਦਰ ਸਿੰਘ ਰਾਣਾ, ਖਰੈਤੀ ਲਾਲ ਕਤਨਾ, ਚਤੁਰ ਭੂਸ਼ਨ ਜੋਸ਼ੀ, ਵਰਿੰਦਰ ਵੈਦ, ਸੁਮੇਸ਼ ਸੋਨੀ, ਹਰੀਸ਼ ਸੈਣੀ, ਅਜੇ ਵਰਮਾ, ਕਾਮਰੇਡ ਗੰਗਾ ਪ੍ਰਸਾਦ, ਚੰਦਨ ਲੱਕੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।