ਨਵਾਂਸ਼ਹਿਰ : ਗਾਂਧੀ ਜੈਅੰਤੀ ਦਾ ਦਿਨ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਲਈ ਖੁਸ਼ੀਆਂ ਭਰਿਆ ਤੇ ਮਾਣ ਵਾਲਾ ਰਿਹਾ, ਕਿਉਂ ਜੋ ਜ਼ਿਲ੍ਹੇ ਨੇ ਦੋ ਦਿਨਾਂ ਵਿੱਚ ਜਿੱਥੇ ਕੌਮੀ ਪੱਧਰ ਤੇ ਭਾਰਤ ਸਰਕਾਰ ਪਾਸੋਂ ਦੋ ਪੁਰਸਕਾਰ ਹਾਸਲ ਕੀਤੇ ਉੱਥੇ ਰਾਜ ਪੱਧਰ ਤੇ ਵੀ ਦੋ ਐਵਾਰਡ ਪ੍ਰਾਪਤ ਕੀਤੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਗਾਂਧੀ ਜੈਅੰਤੀ ਵਾਲੇ ਦਿਨ ਸ਼ਹੀਦ ਭਗਤ ਸਿੰਘ ਨਗਰ ਨੂੰ 'ਹਰ ਘਰ ਜਲ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਨਵਾਂਸ਼ਹਿਰ ਸ਼ਹਿਰ ਨੂੰ ਕੱਲ੍ਹ ਸ਼ਾਮ ਅਜ਼ਾਦੀ@75 ਸਵੱਛ ਸਰਵੇਖਣ-2022 ਵਿੱਚ ਉੱਤਰ ਜ਼ੋਨ ਦੇ ਸਾਫ਼ ਸ਼ਹਿਰ ਵਜੋਂ ਐਲਾਨਿਆ ਗਿਆ ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੇ ਨਾ ਸਿਰਫ਼ ਰਾਸ਼ਟਰੀ ਪੱਧਰ 'ਤੇ ਇਹ ਦੋ ਐਵਾਰਡ ਹਾਸਲ ਕੀਤੇ ਸਗੋਂ ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਹੁਸ਼ਿਆਰਪੁਰ ਵਿਖੇ ਮਨਾਏ ਗਏ ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਦੋ ਹੋਰ ਐਵਾਰਡ ਵੀ ਹਾਸਲ ਕੀਤੇ ਹਨ।ਐਨ ਪੀ ਐਸ ਰੰਧਾਵਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਭਾਰਤ ਸਰਕਾਰ ਵੱਲੋਂ ਰਾਸ਼ਟਰੀ ਜਲ ਜੀਵਨ ਮਿਸ਼ਨ ਤਹਿਤ 2024 ਤੱਕ ਨਿਰਧਾਰਿਤ ਸਮਾਂ ਸੀਮਾ ਤੋਂ ਬਹੁਤ ਪਹਿਲਾਂ ਸਾਰੇ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ ਪਾਣੀ ਦੀ ਸਪਲਾਈ ਦਾ ਟੀਚਾ ਹਾਸਲ ਕਰ ਲਿਆ ਹੈ। ਜ਼ਿਲ੍ਹੇ ਨੂੰ 'ਹਰ ਘਰ ਜਲ' ਪ੍ਰਮਾਣੀਕਰਣ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਐਤਵਾਰ ਨੂੰ ਰਾਸ਼ਟਰੀ ਸਵੱਛ ਭਾਰਤ ਦਿਵਸ ਮਨਾਉਣ ਦੌਰਾਨ ਪੇਸ਼ ਕੀਤਾ ਗਿਆ। ਇਹ ਐਵਾਰਡ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਾਪਤ ਕੀਤਾ।ਡਿਪਟੀ ਕਮਿਸ਼ਨਰ ਨੇ 25000-50000 ਦੀ ਆਬਾਦੀ ਵਾਲੀ ਸ਼੍ਰੇਣੀ ਵਿੱਚ ਨਵਾਂਸ਼ਹਿਰ ਨਗਰ ਕੌਂਸਲ ਨੂੰ ਸਵੱਛਤਾ ਰੈਂਕਿੰਗ ਵਿੱਚ ਉੱਤਰੀ ਜ਼ੋਨ ਦੇ ਸਵੱਛ ਸ਼ਹਿਰ ਵਜੋਂ ਆਪਣੀ ਕਾਬਲੀਅਤ ਸਾਬਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਐਵਾਰਡ ਸਫ਼ਾਈ ਕਰਮਚਾਰੀਆਂ ਅਤੇ ਸ਼ਹਿਰ ਨਿਵਾਸੀਆਂ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਫੀਡਬੈਕ ਨੇ ਖਾਸ ਭੂਮਿਕਾ ਨਿਭਾਈ। ਇਸ ਵਾਰ ਸਥਾਨਕ ਸੰਸਥਾ ਵੱਲੋਂ 7000 ਵਿੱਚੋਂ 5198 ਨੰਬਰ ਪ੍ਰਾਪਤ ਕੀਤੇ ਗਏ ਹਨ, ਜਿਸ ਕਾਰਨ ਨਗਰ ਨਿਗਮ ਨਵਾਂਸ਼ਹਿਰ ਦੇ ਸਫਾਈ ਸੇਵਕਾਂ, ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਗਾਂਧੀ ਜੈਅੰਤੀ ਦੀ ਪੂਰਵ ਸੰਧਿਆ 'ਤੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੀ ਸੀ ਈ ਓ ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਸਨਮਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਹੁਸ਼ਿਆਰਪੁਰ ਵਿਖੇ ਮਨਾਏ ਗਏ ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਵੀ ਵੱਖ-ਵੱਖ ਵਰਗਾਂ ਤਹਿਤ ਪੁਰਸਕਾਰ ਦਿੱਤੇ ਗਏ। 'ਮੇਰਾ ਪਿੰਡ ਮੇਰੀ ਜ਼ਿੰਮੇਵਾਰੀ' ਤਹਿਤ ਭਾਰਟਾ ਕਲਾਂ ਦੀ ਪੰਚਾਇਤ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਜਦਕਿ ਮਾਹਲ ਖੁਰਦ ਦੀ ਪੰਚਾਇਤ ਨੂੰ ਓਡੀਐਫ ਫਿਲਮ ਮੁਕਾਬਲਾ ਜਿੱਤਣ 'ਤੇ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਕਾਰਜਕਾਰੀ ਇੰਜਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੁਨੀਤ ਭਸੀਨ ਨੇ ਦੋਵਾਂ ਪੰਚਾਇਤਾਂ ਦੇ ਨਾਲ ਰਾਜ ਪੱਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ 'ਹਰ ਘਰ ਜਲ' ਮੁਹਿੰਮ ਲਈ ਵੀ ਸਰਟੀਫਿਕੇਟ ਪ੍ਰਾਪਤ ਕੀਤਾ।