- ਨਗਰ ਨਿਗਮ ਕਮਿਸ਼ਨਰ, ਐਸਡੀਐਮ ਤੇ ਡੀਡੀਪੀਓ ਨੂੰ ਢੁਕਵੀਂ ਥਾਂ ਦੀ ਤਲਾਸ਼ ਕਰਨ ਲਈ ਕਿਹਾ
ਕਪੂਰਥਲਾ, 27 ਜੁਲਾਈ : ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਕਪੂਰਥਲਾ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਦੇ ਜਲਦ ਤੇ ਸਥਾਈ ਹੱਲ ਲਈ ਨਗਰ ਨਿਗਮ ਕਮਿਸ਼ਨਰ , ਐਸ ਡੀ ਐਮ ਕਪੂਰਥਲਾ ਤੇ ਡੀ ਡੀ ਪੀ ਓ ਨੂੰ ਕਿਹਾ ਕਿ ਉਹ ਤੁਰੰਤ ਢੁਕਵੀਂ ਜਗ੍ਹਾ ਦੀ ਤਲਾਸ਼ ਕਰਕੇ ਉੱਥੇ ਕੂੜੇ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਅੱਜ ਇੱਥੇ ਇਸ ਸਬੰਧੀ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਨੂੰ ਕੂੜਾ ਨਾ ਚੁੱਕੇ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਸਬੰਧੀ ਨਗਰ ਨਿਗਮ ਵੱਲੋਂ ਕੂੜੇ ਦੇ ਨਿਪਟਾਰੇ ਲਈ ਸਥਾਈ ਜਗ੍ਹਾ ਦਾ ਪ੍ਰਬੰਧ ਨਾ ਹੋਣਾ ਮੁੱਖ ਕਾਰਨ ਦੱਸਿਆ ਗਿਆ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਿਹਾਇਸ਼ੀ ਖੇਤਰਾਂ ਤੋਂ ਦੂਰ ਕਿਸੇ ਢੁਕਵੀਂ ਜਗ੍ਹਾ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੂੜੇ ਕਾਰਨ ਬਰਸਾਤ ਦੇ ਮੌਸਮ ਵਿੱਚ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ , ਜਿਸ ਕਰਕੇ ਕੂੜੇ ਦਾ ਨਿਪਟਾਰਾ ਸਭ ਤੋਂ ਅਹਿਮ ਹੈ । ਉਨਾਂ ਕਿਹਾ ਕਿ ਇਸ ਕੰਮ ਲਈ ਤੁਰੰਤ ਜਗ੍ਹਾ ਦੀ ਚੋਣ ਕਰਕੇ ਰਿਪੋਰਟ ਦਿੱਤੀ ਜਾਵੇ ਤਾਂ ਜੋ ਲੋਕਾਂ ਨੁੰ ਕੂੜੇ ਦੀ ਸਮੱਸਿਆ ਤੋਂ ਪੱਕੇ ਤੌਰ ਤੇ ਨਿਜਾਤ ਦਿਵਾਈ ਜਾ ਸਕੇ। ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਐਸਡੀਐਮ ਲਾਲ ਵਿਸ਼ਵਾਸ਼ ਬੈਂਸ, ਡੀਡੀਪੀਓ ਹਰਜਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।