ਗੁਰਾਇਆ, 3 ਸਤੰਬਰ : ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਗੁਰਾਇਆ ਨੇੜੇ ਅੱਜ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਹਾਈਵੇਅ ‘ਤੇ ਇੱਕ ਕੈਮੀਕਲ ਟੈਂਕਰ ਅਤੇ ਇੱਕ ਕਾਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ‘ਚ ਭਿਆਨਕ ਅੱਗ ਲੱਗ ਗਈ, ਇਸ ਘਟਨਾ ਤੋਂ ਬਾਅਦ ਹਾਈਵੇਅ ਤੇ ਲੰਮਾ ਜਾਮ ਲੱਗ ਗਿਆ। ਅੱਗ ‘ਤੇ ਕਾਬੂ ਪਾਉਣ ਲਈ ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ। ਟੈਂਕਰ ਅਤੇ ਕਾਰ ਦੀ ਟੱਕਰ ਤੋਂ ਬਾਅਦ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਕੁਝ ਹੋਰ ਵਾਹਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਕਾਰਨ ਟੈਂਕਰ ਵਿਚਲੇ ਕੈਮੀਕਲ ਤੋਂ ਕਾਲਾ ਧੂੰਆਂ ਨਿਕਲ ਰਿਹਾ ਹੈ। ਗੁਰਾਇਆ ਵਿੱਚ ਪੂਰੇ ਕੌਮੀ ਮਾਰਗ ’ਤੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਾਈਵੇਅ ਦੇ ਵਿਚਕਾਰ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ ਤੋਂ ਬਾਅਦ ਹਾਈਵੇ ਪੈਟਰੋਲਿੰਗ ਪੁਲਿਸ ਨੇ ਲੁਧਿਆਣਾ ਵੱਲ ਜਾਣ ਵਾਲੀ ਜਲੰਧਰ-ਦਿੱਲੀ ਲੇਨ ਨੂੰ ਫਿਲਹਾਲ ਬੰਦ ਕਰ ਦਿੱਤਾ ਹੈ। ਹਾਈਵੇਅ ’ਤੇ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਪੁਲੀਸ ਵੱਲੋਂ ਵਾਹਨਾਂ ਨੂੰ ਸਰਵਿਸ ਲੇਨ ਜਾਂ ਪਿੰਡ ਵਿੱਚੋਂ ਲੰਘਣ ਵਾਲੇ ਹੋਰ ਰਸਤਿਆਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ।