ਪੰਜਾਬ ਨੂੰ ਰੰਗਲਾ ਤੇ ਸਿਹਤਮੰਦ ਬਣਾਉਣ ਦਾ ਸੁਪਨਾ ਸਾਕਾਰ ਕਰਨਗੇ ਸੀ. ਐਮ ਦੀ ਯੋਗਸ਼ਾਲਾ ਦੇ ਯੋਗਾ ਟ੍ਰੇਨਰ: ਡਾ. ਬਲਬੀਰ ਸਿੰਘ

  • ਸਿਹਤ ਮੰਤਰੀ ਵੱਲੋਂ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵਿਖੇ ਟ੍ਰੇਨਰਾਂ ਦੇ ਪਹਿਲੇ ਬੈਚ ਦੀ ਸੂਬਾ ਪੱਧਰੀ ਟ੍ਰੇਨਿੰਗ ਦਾ ਆਗਾਜ਼
  • ਕਿਹਾ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਨੂੰ ‘ਸੈਂਟਰ ਆਫ ਨੈਚਰੋਪੈਥੀ’ ਦੇ ਤੌਰ ’ਤੇ ਵਿਕਸਤ ਕੀਤਾ ਜਾਵੇਗਾ
  • 5 ਅਪ੍ਰੈਲ ਤੱਕ ਚੱਲੇਗਾ ‘ਰਿਫਰੈਸ਼ਰ ਕੋਰਸ ਆਫ ਮੈਡੀਟੇਸ਼ਨ ਐਂਡ ਯੋਗਾ’

ਹੁਸ਼ਿਆਰਪੁਰ, 20 ਮਾਰਚ : ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਅੱਜ ਗੁਰੂ ਰਵਿਦਾਸ ਆਯੁਰਵੇਦ ਯੂੁਨੀਵਰਸਿਟੀ, ਹੁਸ਼ਿਆਰਪੁਰ ਵਿਖੇ ਸੀ. ਐਮ ਦੀ ਯੋਗਸ਼ਾਲਾ ਲਈ ਟ੍ਰੇਨਰਾਂ ਦੇ ਪਹਿਲੇ ਬੈਚ ਦੀ ਸੂਬਾ ਪੱਧਰੀ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਸਾਹਿਬਾਨ ਅਤੇ ਹੋਰਨਾਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ‘ਰਿਫਰੈਸ਼ਰ ਕੋਰਸ ਆਫ ਮੈਡੀਟੇਸ਼ਨ ਐਂਡ ਯੋਗਾ’ ਨਾਂਅ ਦੀ 15 ਰੋਜ਼ਾ ਇਸ ਟ੍ਰੇਨਿੰਗ ਦਾ ਆਗਾਜ਼ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਅਤੇ ਸਿਹਤਮੰਦ ਬਣਾਉਣ ਦੇ ਲਏ ਸੁਪਨੇ ਨੂੰ ਇਹ ਟ੍ਰੇਨਰ ਸਾਕਾਰ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪਹਿਲੇ ਬੈਚ ਵਿਚ 80 ਟ੍ਰੇਨਰ, 10 ਸੁਪਰਵਾਈਜ਼ਰ ਅਤੇ 2 ਰਿਸੋਰਸ ਪਰਸਨ ਸ਼ਾਮਲ ਹਨ, ਜਿਹੜੇ ਕਿ ਸੂਬੇ ਦੇ ਪੰਜ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਫਗਵਾੜਾ ਵਿਖੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਯੋਗਾ ਦੀ ਟ੍ਰੇਨਿੰਗ ਬਿਲਕੁਲ ਮੁਫ਼ਤ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਟ੍ਰੇਨਰ ਡਿਪਲੋਮਾ ਹੋਲਡਰ ਅਤੇ ਆਪਣੇ ਕੰਮ ਵਿਚ ਮਾਹਿਰ ਹਨ, ਪਰੰਤੂ ਫਿਰ ਵੀ ਇਨ੍ਹਾਂ ਨੂੰ ਪ੍ਰੋਗਰਾਮ ਸਬੰਧੀ 20 ਮਾਰਚ ਤੋਂ 5 ਅਪ੍ਰੈਲ ਤੱਕ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤੋਂ ਸ਼ੁਰੂ ਕੀਤੀ ਗਈ ਇਸ ਲਹਿਰ ਨੂੰ ਜਨ ਅੰਦੋਲਨ ਬਣਾਇਆ ਜਾਵੇਗਾ ਅਤੇ ਸੂਬੇ ਭਰ ਵਿਚ ਅਜਿਹੇ 8 ਹਜ਼ਾਰ ਦੇ ਕਰੀਬ ਟ੍ਰੇਨਰ ਸੂਬਾ ਵਾਸੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਲਈ ਯੋਗਾ ਕਰਵਾਉਣਗੇ। ਉਨ੍ਹਾਂ ਸਮੂਹ ਟ੍ਰੇਨਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਨੂੰ ਯੋਗਾ ਦੇ ਨਾਲ-ਨਾਲ ਆਹਾਰ ਤੇ ਵਿਹਾਰ ਦੀ ਸਿੱਖਿਆ ਦੇਣ, ਕਿਉਂਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣਾ ਖਾਣ-ਪਾਣ ਅਤੇ ਜੀਵਨ ਸ਼ੈਲੀ ਬਦਲ ਲਈਏ ਤਾਂ ਇਕ ਸਿਹਤਮੰਦ ਅਤੇ ਬਿਮਾਰੀ ਰਹਿਤ ਜ਼ਿੰਦਗੀ ਜੀਊ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਨੂੰ ‘ਸੈਂਟਰ ਆਫ ਨੈਚਰੋਪੈਥੀ’ ਦੇ ਤੌਰ ’ਤੇ ਵਿਕਸਤ ਕੀਤਾ ਜਾਵੇਗਾ ਅਤੇ ਇਥੇ ਇਕ ਆਯੁਰਵੇਦ ਗਾਰਡਨ ਬਣਾਇਆ ਜਾਵੇਗਾ। ਇਸ ਮੌਕੇ ਵਿਧਾਇਕ ਡਾ. ਰਵਜੋਤ ਸਿੰਘ, ਕਰਮਵੀਰ ਸਿੰਘ ਘੁੰਮਣ ਅਤੇ ਜਸਵੀਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਸਤਵੰਤ ਸਿੰਘ ਸਿਆਣ, ਐਸ. ਡੀ. ਐਮ ਪ੍ਰੀਤਇੰਦਰ ਸਿੰਘ ਬੈਂਸ, ਸਿਵਲ ਸਰਜਨ ਡਾ. ਪਵਨ ਕੁਮਾਰ, ਯੂਨੀਵਰਸਿਟੀ ਦੇ ਰਜਿਸਟਰਾਰ ਸੰਜੀਵ ਗੋਇਲ, ਪ੍ਰੋੱ ਰਾਕੇਸ਼ ਸ਼ਰਮਾ, ਰਿਸੋਰਸ ਪਰਸਨ ਅਮਰੇਸ਼ ਅਤੇ ਕਮਲੇਸ਼ ਤੋਂ ਇਲਾਵਾ ਯੂਨੀਵਰਸਿਟੀ ਦਾ ਸਟਾਫ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।