ਸੁਲਤਾਨਪੁਰ ਲੋਧੀ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਤੇ ਰੈਸਟ ਹਾਊਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ , ਐਸ ਐਸ ਪੀ ਸ੍ਰੀ ਨਵਨੀਤ ਸਿੰਘ ਬੈਂਸ , ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਨੇ ਉਨਾਂ ਨੂੰ ਗਾਰਡ ਆਫ ਆਨਰ ਵੀ ਪੇਸ਼ ਕੀਤਾ। ਉਨ੍ਹਾਂ ਵਲੋਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਬਾਜਵਾ ਵਲੋਂ ਡਿਪਟੀ ਸਪੀਕਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਡਿਪਟੀ ਸਪੀਕਰ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਤੇ ਆ ਕੇ ਸਿਜਦਾ ਕਰਨ ਦਾ ਮੌਕਾ ਮਿਲਿਆ ਹੈ । ਇਸ ਤੋਂ ਇਲਾਵਾ ਮੰਡ ਖੇਤਰ ਵਿਚ ਗੰਨੇ ਦੀ ਖੇਤੀ ਦੇ ਮੱਦੇਨਜ਼ਰ ਸ਼ੂਗਰ ਮਿੱਲ ਸਥਾਪਿਤ ਕਰਨ ਬਾਰੇ ਵੀ ਮੁੱਖ ਮੰਤਰੀ ਪੰਜਾਬ ਨਾਲ ਮਸਲਾ ਉਠਾਇਆ ਜਾਵੇਗਾ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਸਪੀਕਰ ਸ੍ਰੀ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਅੱਜ ਮੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨ ਗੁ: ਬੇਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਆਇਆ ਹਾਂ । ਉਨ੍ਹਾਂ ਕਿਹਾ ਕਿ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸਤਿਗੁਰੂ ਬਾਬਾ ਨਾਨਕ ਜੀ ਨੇ 15 ਸਾਲ ਦੇ ਕਰੀਬ ਰਹਿ ਕੇ ਸੰਗਤਾਂ ਦੀਆਂ ਝੋਲੀਆਂ ਬਖਸ਼ਿਸ਼ਾਂ ਨਾਲ ਭਰੀਆਂ । ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਦੀ ਕਿਰਪਾ ਅਨੁਸਾਰ ਆਮ ਆਦਮੀ ਪਾਰਟੀ ਦੀ ਸੂਬੇ 'ਚ ਸਰਕਾਰ ਬਣੀ ਹੈ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਦਕਾ ਹੀ ਪੰਜਾਬ ਨੂੰ ਵਿਕਾਸ਼ਸ਼ੀਲ ਬਣਾ ਕੇ ਰੰਗਲਾ ਪੰਜਾਬ ਬਣਾਇਆ ਜਾਵੇਗਾ । ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸ੍ਰੀ ਜੈ ਕਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਵੱਲੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਵੱਜੋਂ ਵਿਕਸਤ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਵਿਕਾਸ ਕਾਰਜ ਆਰੰਭ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਨੇ ਨੇੜਲੇ ਪਿੰਡ ਜੱਬੋਵਾਲ ਵਿਖੇ ਕਾਲਜ ਦਾ ਮਾਮਲਾ ਮੇਰੇ ਧਿਆਨ 'ਚ ਲਿਆਂਦਾ ਹੈ , ਜਿਸ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਧਿਆਨ 'ਚ ਲਿਆ ਕੇ ਬੰਦ ਪਿਆ ਕਾਲਜ ਤੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ । ਇਸ ਸਮੇਂ ਉਨ੍ਹਾਂ ਨਾਲ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ , ਐਸ.ਡੀ.ਐਮ ਮਿਸ ਚੰਦਰਾ ਜੋਤੀ ਸਿੰਘ ਅਤੇ ਸੂਬਾ ਜੁਆਇੰਟ ਸਕੱਤਰ ਗੁਰਸ਼ਰਨ ਸਿੰਘ ਕਪੂਰ ਵੀ ਹਾਜ਼ਰ ਸਨ। ਇਸ ਮੌਕੇ ਆਪ ਦੇ ਸੂਬਾਈ ਆਗੂ ਗੁਰਸ਼ਰਨ ਸਿੰਘ ਕਪੂਰ ,ਤਹਿਸੀਲਦਾਰ ਗੁਰਲੀਨ ਕੌਰ, ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਜਸਪਾਲ ਸਿੰਘ , ਜਿਲਾ ਪ੍ਰਧਾਨ ਮੈਡਮ ਲਲਿਤ , ਲਵਪ੍ਰੀਤ ਸਿੰਘ ਪੀ.ਏ. , ਰਾਜਿੰਦਰ ਸਿੰਘ ਜੈਨਪੁਰ , ਸੁਖਜਿੰਦਰ ਸਿੰਘ ਸੋਢੀ , ਸੁਰਿੰਦਰ ਅਰੋੜਾ , ਜਸਵੰਤ ਸਿੰਘ ਸੰਧੂ , ਅਕਾਸ਼ਦੀਪ ਸਿੰਘ , ਥਾਣੇਦਾਰ ਕਸ਼ਮੀਰ ਸਿੰਘ ਜਾਰਜਪੁਰ ਆਦਿ ਨੇ ਸ਼ਿਰਕਤ ਕੀਤੀ ।