ਸਰਕਾਰ ਵੱਲੋਂ ਗਿੱਦੜਪਿੰਡੀ ਰੇਲਵੇ ਪੁੱਲ ਹੇਠੋਂ ਮਿੱਟੀ ਚੁੱਕਣ ਦਾ ਕੰਮ ਸ਼ੁਰੂ

ਸੁਲਤਾਨਪੁਰ ਲੋਧੀ, 28 ਜੂਨ : ਪੰਜ ਹੜ੍ਹਾਂ ਦਾ ਕਾਰਨ ਬਣ ਚੁੱਕੀ ਗਿੱਦੜਪਿੰਡੀ ਰੇਲਵੇ ਪੁੱਲ ਦੀ ਮਿੱਟੀ ਨੂੰ ਇਸ ਵਾਰ ਪੰਜਾਬ ਸਰਕਾਰ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਿਛਲੇ ਸਾਲ ਤੋਂ ਹੀ ਪੁੱਲ ਹੇਠੋਂ ਮਿੱਟੀ ਕੱਢਣ ਦੀ ਮੰਗ ਕਰਦੇ ਆ ਰਹੇ ਹਨ ਤਾਂ ਜੋ ਬਰਸਾਤਾਂ ਵਿੱਚ ਲੋਕਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕੇ। ਲੰਘੀ 12 ਜੂਨ ਨੂੰ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੀ ਗਿੱਦੜਪਿੰਡੀ ਰੇਲਵੇ ਪੁੱਲ ਹੇਠੋਂ ਮਿੱਟੀ ਚੁੱਕਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਇਆ ਗਿਆ ਸੀ। ਇਹ ਮੀਟਿੰਗ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਸੰਦਰਭ ਵਿੱਚ ਹੋਈ ਸੀ। ਅੱਜ ਸਤਲੁਜ ਦਰਿਆ ਤੇ ਬਣੇ ਗਿੱਦੜਪਿੰਡੀ ਰੇਲਵੇ ਦੇ ਪੁੱਲ ਹੇਠੋਂ ਮਿੱਟੀ ਚੁੱਕਣ ਦੇ ਕੰਮ ਦਾ ਨਿਰੀਖਣ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਲੋਕ ਸਭਾ ਮੈਂਬਰ ਸ਼ੁਸੀਲ ਰਿੰਕੂ ਵੱਲੋਂ ਕੀਤਾ ਗਿਆ। ਡਰੇਨੇਜ਼ ਵਿਭਾਗ ਦੇ ਐਕਸੀਅਨ ਅਮਰਿੰਦਰ ਸਿੰਘ ਪੰਧੇਰ ਨੇ ਦੱਸਿਆ ਕਿ 23 ਜੂਨ ਨੂੰ ਮਿੱਟੀ ਕੱਢਣ ਦਾ ਟੈਂਡਰ ਲਗਾ ਸੀ ਉਸਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਇੱਥੋਂ ਮਿੱਟੀ ਕੱਢਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨੀ ਸੰਤ ਬਲਬੀਰ ਸਿੰਘ ਸੀਚੇਵਾਲ, ਸ਼ੁਸ਼ੀਲ ਕੁਮਾਰ ਰਿੰਕੂ, ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ, ਧਰਮਕੋਟ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਤੇ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਗਿੱਦੜਪਿੰਡੀ ਪੁੱਲ ਦਾ ਦੌਰਾ ਕੀਤਾ ਸੀ। ਜਿਸ ਦੌਰਾਨ ਇਲਾਕੇ ਦੇ ਲੋਕਾਂ ਵੱਲੋਂ ਪੁੱਲ ਹੇਠੋਂ ਮਿੱਟੀ ਕੱਢਣ ਦੀ ਮੰਗ ਕੀਤੀ ਸੀ। ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਅੱਜ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਕੰਮ ਨੂੰ ਦਿਨ ਰਾਤ ਚਲਾਇਆ ਜਾਵੇ ਕਿਉਂਕਿ ਮਾਨਸੂਨ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਜਿਸ ਕਾਰਨ ਮੀਂਹ ਕਦੇ ਵੀ ਪੈ ਸਕਦਾ ਹੈ ਜਿਸ ਨਾਲ ਮਿੱਟੀ ਚੁੱਕਣ ਦਾ ਇਹ ਕੰਮ ਰੁੱਕ ਸਕਦਾ ਹੈ। ਇਸ ਮੌਕੇ ਮਿੱਟੀ ਕੱਢਣ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਆਗੂ ਦੂਸ਼ੰਤ ਚੌਧਰੀ ਨੇ ਦੱਸਿਆ ਕਿ ਮਿੱਟੀ ਕੱਢਣ ਲਈ ਰੋਜ਼ਾਨਾ 25 ਦੇ ਕਰੀਬ ਟਿੱਪਰ ਤੇ 2 ਐਕਸਾਵੇਟਰ ਮਸ਼ੀਨਾਂ ਚੱਲ ਰਹੀਆਂ ਹਨ। ਉਹਨਾਂ ਕਿਹਾ ਕਿ ਜਲਦ ਹੀ ਇਸ ਕਾਰਜ ਵਿੱਚ ਤੇਜ਼ੀ ਲਈ ਹੋਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਰੋਜ਼ਾਨਾ ਹੀ ਟਿੱਪਰਾਂ ਦੀ ਗਿਣਤੀ ਵਿੱਚ ਵੀ ਵਾਧਾ  ਕੀਤਾ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਐਕਸਾਵੇਟਰ ਮਸ਼ੀਨ ਚਲਾ ਕੇ ਆਪ ਵੀ ਟਿੱਪਰ ਭਰਨ ਦੇ ਕੰਮ ਵਿੱਚ ਲੱਗੇ ਰਹੇ। ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਸਾਫ ਕਰਨ ਦੀ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਦੱਸਿਆ ਕਿ ਸਾਲ 2019 ਵਿੱਚ ਆਏ ਹੜ੍ਹ ਦੌਰਾਨ ਪੰਜਾਬ ਸਰਕਾਰ ਨੂੰ 1200 ਕੋਰੜ ਦੇ ਕਰੀਬ ਦਾ ਨੁਕਸਾਨ ਝੱਲਣਾ ਪਿਆ ਸੀ। ਉਹਨਾਂ ਦੱਸਿਆ ਕਿ ਸਾਲ 2020 ਵਿੱਚ ਚੱਲੀ ਕਾਰਸੇਵਾ ਦੌਰਾਨ ਸੰਗਤਾਂ ਦੇ ਸਹਿਯੋਗ ਨਾਲ ਵਹਿਣ ਦਰਿਆ ਦਾ ਵਹਿਣ ਬਦਲ ਦਿੱਤਾ ਗਿਆ ਸੀ ਤੇ ਜਿਸ ਕਾਰਨ ਹੁਣ ਸਤਲੁਜ ਦਰਿਆ ਦੇ ਵਿਚਕਾਰ ਵਗ ਰਿਹਾ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਨਹਿਰੀ ਪਾਣੀ ਅਤੇ ਦਰਿਆਵਾਂ ਦੀ ਸਾਫ਼ ਸਫਾਈ ਵੱਲ ਉਚੇਚਾ ਧਿਆਨ ਦੇ ਰਹੇ ਹਨ, ਜਿਸ ਨਾਲ ਹੇਠਾਂ ਪ੍ਰਸ਼ਾਸ਼ਨਿਕ ਮਸ਼ੀਨਰੀ ਸਰਗਰਮ ਹੋ ਗਈ ਹੈ।