ਜਲੰਧਰ, 29 ਅਗਸਤ : ਜਲੰਧਰ ਦੇ ਆਬਾਦਪੁਰਾ ਵਿੱਚ ਦੋ ਨਸ਼ੇੜੀ ਪੁੱਤਰਾਂ ਤੇ ਆਪਣੀ ਹੀ ਮਾਂ ਨੂੰ ਕਤਲ ਕਰ ਦੇਣ ਦਾ ਦੋਸ਼ ਲੱਗਾ ਹੈ। ਮ੍ਰਿਤਕਾ ਦੀ ਪਛਾਣ ਰਮੇਸ਼ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਆਬਾਦਪੁਰਾ ਇਲਾਕੇ ਵਿੱਚ ਗਲੀ ਨੰਬਰ 4 ਦੀ ਵਸਨੀਕ ਰਮੇਸ਼ ਰਾਣੀ ਆਪਣੇ ਤਿੰਨ ਪੁੱਤਰਾਂ ਨਾਲ ਰਹਿੰਦੀ ਸੀ। ਤਿੰਨੋਂ ਪੁੱਤਰ ਕੁਆਰੇ ਹਨ। ਸਥਾਨਕ ਮੁਹੱਲਾ ਨਿਵਾਸੀਆਂ ਅਨੁਸਾਰ ਮ੍ਰਿਤਕ ਔਰਤ ਦੇ ਪੁੱਤਰ ਉਸ ਨਾਲ ਰੋਜਾਨਾ ਹੀ ਬੁਰੀ ਤਰ੍ਹਾਂ ਮਾਰ ਕੁਟਾਈ ਕਰਦੇ ਸਨ।ਮੁਹੱਲਾ ਨਿਵਾਸੀਆਂ ਅਨੁਸਾਰ ਅੱਜ ਸਵੇਰੇ ਸਮੇਂ ਵੀ ਉਨ੍ਹਾਂ ਨੇ ਆਪਣੀ ਮਾਂ ਨਾ ਕੁੱਟਮਾਰ ਕੀਤੀ ਤੇ ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਸਨੂੰ ਨੇੜੇ ਦੇ ਇੱਕ ਹਸਪਤਾਲ ਵਿੱਚ ਲੈ ਗਏ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਰਮੇਸ਼ ਰਾਣੀ ਨਾਲ ਮਾਰਕੁੱਟ ਬਾਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਸ ਦੇ ਸਿਰ ਤੇ ਹੱਥ ‘ਤੇ ਸੱਟਾਂ ਲੱਗੀਆਂ ਹੋਈਆਂ ਸਨ। ਇਸ ਬਾਰੇ ਜਦੋਂ ਲੜਕੇ ਰਮੇਸ਼ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਵੇਰੇ ਮਾਂ ਪਾਣੀ ਲੈਣ ਗਈ ਸੀ ਤੇ ਆਉਂਦੇ ਹੋਏ ਪੌੜੀਆਂ ਤੋਂ ਡਿੱਗ ਗਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-6 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਵਿਚ ਜੁੱਟ ਗਈ ਹੈ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।