ਨਵਾਂਸ਼ਹਿਰ, 17 ਅਕਤੂਬਰ : ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵੱਲੋ ਪ੍ਰਾਪਤ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੀ ਜਨਮ ਭੂਮੀ ਪਿੰਡ ਖਟਕੜਕਲਾਂ ਵਿਖੇ ‘ਬਾਲ ਵਿਆਹ ਮੁਕਤ ਭਾਰਤ’ ਕੰਪੇਨ ਚਲਾਈ ਗਈ। ਇਸ ਮੌਕੇ ਬਚਪਨ ਬਚਾਓ ਅੰਦੋਲਨ ਦੀ ਟੀਮ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਬੰਗਾ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਵੱਲੋ ਬਾਲ ਵਿਆਹ ਮੁਕਤ ਭਾਰਤ ਲਈ ਸਹੁੰ ਚੱਕਦੇ ਹੋਏ ਬੱਚਿਆਂ ਦੀ ਛੋਟੀ ਉਮਰ ਵਿੱਚ ਵਿਆਹ ਨਾ ਕਰਵਾਉਣ ਸਬੰਧੀ ਵਚਨ ਲਿਆ ਗਿਆ। ਪ੍ਰੋਗਰਾਮ ਦੌਰਾਨ ਬਚਪਨ ਬਚਾਓ ਅੰਦੋਲਨ ਅਧੀਨ ਸਟੇਟ ਕੋਆਰਡੀਨੇਟਰ ਰਚਿਤਾ ਗੁਪਤਾ ਅਤੇ ਯਾਦਵਿੰਦਰ ਸਿੰਘ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਵੱਲੋ ਬਾਲ ਵਿਆਹ ਨਾ ਕਰਨ ਸਬੰਧੀ ਨਾਰੇ ਲਗਾਉਂਦੇ ਹੋਏ ਇਸ ਕੰਪੇਨ ਨੂੰ ਬੜਾਵਾ ਦਿੱਤਾ ਗਿਆ। ਪਿੰਡ ਪੱਧਰ ਤੇ ਬਾਲ ਸੁਰੱਖਿਆ ਕਮੇਟੀਆਂ ਵੱਲੋ ਵੀ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਗਿਆ। ਮੌਕੇ ‘ਤੇ ਹਾਜ਼ਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੌੜਾ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਕਰਨਾ ਕਾਨੂੰਨੀ ਅਪਰਾਧ ਹੈ। ਅਜਿਹਾ ਕਰਨ ‘ਤੇ ਬਾਲ ਵਿਆਹ ਕਰਵਾਉਣ ਵਾਲੇ ਨੂੰ ਜੁਵੇਨਾਇਲ ਜਸਟਿਸ ਐਕਟ, 2015 ਦੇ ਤਹਿਤ ਸਖਤ ਸਜਾ ਤੇ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸਮਾਜ ਵਿੱਚ ਕੋਈ ਵੀ ਬਾਲ ਵਿਆਹ ਦੀ ਜਾਣਕਾਰੀ ਮਿਲਣ ‘ਤੇ ਇਸ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਕਰਮਾ ਨੰ. 313, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸ਼ਹੀਦ ਭਗਤ ਸਿੰਘ ਨਗਰ ਵਿਖੇ ਸੂਚਿਤ ਕੀਤਾ ਜਾਵੇ, ਤਾਂ ਜੋ ਬਾਲ ਵਿਆਹ ਨੂੰ ਰੋਕਿਆ ਜਾ ਸਕੇ। ਉਕਤ ਅਨੁਸਾਰ ਬਾਲ ਵਿਆਹ ਮੁਕਤ ਭਾਰਤ ਕੰਪੇਨ ਚਲਾਉਣ ਦਾ ਮੁੱਖ ਮੰਤਵ ਵੱਧ ਤੋਂ ਵੱਧ ਆਮ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਬੱਚਿਆ ਦੇ ਘੱਟ ਉਮਰ ਵਿੱਚ ਵਿਆਹ ਨੂੰ ਰੋਕਣਾ ਹੈ। ਉਕਤ ਪ੍ਰੋਗਰਾਮ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਬੰਗਾ ਦਵਿੰਦਰ ਕੌਰ, ਸੁਪਰਵਾਈਜ਼ਰ ਸਟਾਫ ਅਤੇ ਆਂਗਣਵਾੜੀ ਵਰਕਰਾਂ ਬਲਾਕ ਬੰਗਾ ਨੇ ਵੀ ਭਾਗ ਲਿਆ ਗਿਆ। ਇਸ ਮੌਕੇ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਰਜਿੰਦਰ ਕੌਰ, ਬਾਲ ਸੁਰੱਖਿਆ ਅਫਸਰ (ਐਨ.ਆਈ.ਸੀ) ਅਤੇ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੋਂ ਨਿਰਮਲ ਸਿੰਘ, ਜ਼ਿਲ੍ਹਾ ਪ੍ਰੋਗਰਾਮ ਸਹਾਇਕ ਅਤੇ ਪੂਨਮ ਰਾਣੀ, ਕਲਰਕ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਬੱਚੇ ਤੇ ਇਲਾਕਾ ਵਾਸੀ ਹਾਜ਼ਰ ਸਨ।