- ਡਰਾਈਵਰਾਂ ਤੇ ਹੋਰਨਾਂ ਨੂੰ ਇੰਸ਼ੋਰੈਂਸ, ਟ੍ਰੈਫਿਕ ਚਾਲਾਨ, ਆਰ.ਸੀ. ਅਤੇ ਡਰਾਈਵਿੰਗ ਲਾਇਸੈਂਸ ਸਬੰਧੀ ਦਿੱਤੀ ਕਾਨੂੰਨੀ ਜਾਣਕਾਰੀ
ਹੁਸ਼ਿਆਰਪੁਰ, 25 ਸਤੰਬਰ : ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਦੀ ਅਗਵਾਈ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ‘ਨੋ ਚਾਲਾਨ ਡੇਅ’ (ਅੱਜ ਚਾਲਾਨ ਨਹੀਂ ਦਿਵਸ) ਮੌਕੇ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ। ਇਸ ਦੌਰਾਨ ਵੱਖ-ਵੱਖ ਅਧਿਕਾਰੀਆਂ ਵਲੋਂ ਇੰਸ਼ੋਰੈਂਸ, ਟ੍ਰੈਫਿਕ ਚਾਲਾਨ, ਆਰ.ਸੀ. ਅਤੇ ਡਰਾਈਵਿੰਗ ਲਾਇਸੈਂਸ ਆਦਿ ਬਾਰੇ ਡਰਾਈਵਰਾਂ ਅਤੇ ਆਮ ਜਨਤਾ ਨੂੰ ਕਾਨੂੰਨੀ ਜਾਣਕਾਰੀ ਦਿੱਤੀ ਗਈ। ਸੀ.ਜੇ.ਐਮ. ਅਪਰਾਜਿਤਾ ਜੋਸ਼ੀ ਨੇ ਇਸ ਦੌਰਾਨ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਹੋਰਨਾਂ ਦੀ ਹਿਫਾਜ਼ਤ ਲਈ ਟ੍ਰੈਫਿਕ ਨਿਯਮਾਂ ਅਤੇ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਐਡਵੋਕੇਟ ਏ.ਕੇ ਗਾਂਧੀ ਨੇ ਵਰਕਸ਼ਾਪ ਦੇ ਭਾਗੀਦਾਰੀਆਂ ਨੂੰ ਇੰਸ਼ੋਰੈਂਸ ਮੁੱਦਿਆਂ/ਕੇਸਾਂ, ਕਾਨੂੰਨੀ ਸੇਵਾਵਾਂ ਅਤੇ ਵਿਕਟਮ ਕੰਪਨਸੇਸ਼ਨ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਇਲਾਵਾ ਸਕੱਤਰ ਆਰ.ਟੀ.ਏ ਹੁਸ਼ਿਆਰਪੁਰ ਰਵਿੰਦਰ ਸਿੰਘ ਗਿੱਲ ਨੇ ਡਰਾਈਵਿੰਗ ਲਾਇਸੈਂਸ, ਆਰ.ਸੀ, ਵਹੀਕਲ ਇੰਸ਼ੋਰੈਂਸ ਅਤੇ ਵਹੀਕਲ ਪਲਿਊਸ਼ਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਸਬੰਧੀ ਚਾਨਣਾ ਪਾਉਂਦਿਆਂ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਮੰਦਭਾਗੇ ਸਿੱਟਿਆਂ ਸਬੰਧੀ ਚਾਨਣਾ ਪਾਇਆ। ਯੂਨਾਈਟਡ ਇੰਸ਼ੋਰੈਂਸ ਕੰਪਨੀ ਹੁਸ਼ਿਆਰਪੁਰ ਤੋਂ ਪ੍ਰਦੀਪ ਸਿੰਘ ਨੇ ਵਾਹਨਾਂ ਦੇ ਇੰਸ਼ੋਰੈਂਸ ਅਤੇ ਇਨ੍ਹਾਂ ਨਾਲ ਜੁੜਦੇ ਹੋਰਨਾਂ ਮੁੱਦਿਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਬੱਸ ਸਟੈਂਡ ਵਿਖੇ ਆਮ ਜਨਤਾ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਸੀ.ਐਲ.ਏ.ਡੀ.ਸੀ ਵਿਸ਼ਾਲ ਕੁਮਾਰ, ਡੀ.ਐਲ.ਏ.ਡੀ.ਸੀ ਰੁਪਿਕਾ ਠਾਕੁਰ, ਡੀ.ਐਸ.ਪੀ ਪਲਵਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਟੈ੍ਰਫਿਕ ਪੁਲਿਸ ਤੋਂ ਸੁਰਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।