- ਕਿਸਾਨਾਂ ਨਾਲ ਪਰਾਲੀ ਪ੍ਰਬੰਧਨ ਲਈ ਅਪਣਾਈਆਂ ਜਾ ਰਹੀਆਂ ਸਾਵਧਾਨੀਆਂ ਅਤੇ ਪਿਛਲੇ ਸੀਜ਼ਨ ਦੌਰਾਨ ਆਈਆਂ ਮੁਸ਼ਕਿਲਾਂ ਦੇ ਯੋਗ ਹੱਲ ਲਈ ਕੀਤੀ ਗੱਲਬਾਤ
- ਕਿਹਾ, ਐਸ.ਜੀ.ਪੀ. ਸੀ ਚੋਣਾਂ ਤਹਿਤ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 29 ਫਰਵਰੀ ਤੱਕ ਹੋਵੇਗਾ
ਹੁਸ਼ਿਆਰਪੁਰ, 11 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਉਪ ਮੰਡਲ ਟਾਂਡਾ ਅਤੇ ਦਸੂਹਾ ਦੇ ਪਿੰਡਾਂ ਪਿੰਡ ਤਲਵੰਡੀ ਡੱਡਿਆਂ, ਬਹਾਦਰਪੁਰ, ਪ੍ਰੇਮਪੁਰ, ਜਲਾਲਪੁਰ, ਭੂਲਪੁਰ ਅਤੇ ਦਸੂਹਾ ਦੇ ਪਿੰਡ ਚੱਕ ਬਾਮੂ ਦਾ ਦੌਰਾ ਕਰਕੇ ਜਿਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਸਾਲ 2024 ਵਿੱਚ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਵਲੋਂ ਪਰਾਲੀ ਪ੍ਰਬੰਧਨ ਲਈ ਅਪਣਾਈਆਂ ਜਾ ਰਹੀਆਂ ਸਾਵਧਾਨੀਆਂ ਅਤੇ ਪਿਛਲੇ ਸੀਜ਼ਨ ਦੌਰਾਨ ਆਈਆਂ ਮੁਸ਼ਕਿਲਾਂ ਦੇ ਯੋਗ ਹੱਲ ਲਈ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਯੋਗ ਵਿਅਕਤੀਆਂ ਨੂੰ ਐਸ.ਜੀ.ਪੀ.ਸੀ ਚੋਣਾਂ ਵਿੱਚ ਆਪਣਾ ਨਾਮ ਰਜਿਸਟਰਡ ਕਰਵਾਉਣ ਲਈ ਅਪੀਲ ਕੀਤੀ। ਉਨ੍ਹਾਂ ਨੇ ਯੋਗ ਵਿਅਕਤੀਆਂ ਨੂੰ ਦੱਸਿਆ ਕਿ ਐਸ.ਜੀ.ਪੀ.ਸੀ ਚੋਣਾਂ ਤਹਿਤ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ 29 ਫਰਵਰੀ ਤੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਦੌਰਾਨ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਫੀਲਡ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰਦੇ ਹੋਏ ਵੋਟਰ ਰਜਿਸਟਰੇਸ਼ਨ ਨੂੰ ਵਧਾਇਆ ਜਾਵੇ। ਉਨ੍ਹਾਂ ਨੇ ਸਬੰਧਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਵਿੱਚ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਉਪ ਮੰਡਲ ਪੱਧਰ ’ਤੇ ਐਸ.ਡੀ.ਐਮਜ਼ ਵਲੋਂ ਰੋਜ਼ਾਨਾ ਇਸ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾਵੇਗੀ, ਤਾਂ ਜੋ ਵੋਟਰ ਰਜਿਸਟਰੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਕੋਮਲ ਮਿੱਤਲ ਨੇ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ, ਇਸ ਲਈ ਅਧਿਕਾਰੀ ਅਤੇ ਕਰਮਚਾਰੀ ਵੋਟਰ ਸੂਚੀ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਉਹ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਨ।