- ਪਲੇਸਮੈਂਟ ਦੇ ਟੀਚੇ ਪੂਰੇ ਕਰਨ ‘ਚ ਲਿਆਂਦੀ ਜਾਵੇ ਹੋਰ ਤੇਜ਼ੀ
ਨਵਾਂਸ਼ਹਿਰ, 17 ਅਕਤੂਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਮਹੀਨਾ ਸਤੰਬਰ 2023 ਦੇ ਕੰਮਾਂ ਦੀ ਰੀਵਿਊ ਮੀਟਿੰਗ ਕੀਤੀ ਗਈ। ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਬਿਊਰੋ ਵੱਲੋਂ ਸਤੰਬਰ 2023 ਮਹੀਨੇ ਦੇ ਕੰਮਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਨਾਲ ਹੀ ਅਕਤੂਬਰ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਪਲੇਸਮੈਂਟ ਦੇ ਟੀਚੇ ਨੂੰ ਛੱਡ ਕੇ ਬਾਕੀ ਸਾਰੇ ਟੀਚੇ ਪ੍ਰਾਪਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਪਲੇਸਮੈਂਟ ਦੇ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵੱਲੋਂ ਸਵੈ-ਰੋਜ਼ਗਾਰ ਦੇ ਸਬੰਧ ਵਿੱਚ ਰੱਦ ਹੋਏ ਕੇਸਾਂ ਸਬੰਧੀ ਭਵਿੱਖ ਵਿੱਚ ਸੰਖੇਪ ਨੋਟ ਬਣਾ ਕੇ ਪੇਸ਼ ਕਰਨ ਦੀ ਹਦਾਇਤ ਕੀਤੀ, ਤਾਂ ਜੋ ਇਨ੍ਹਾਂ ਕੇਸਾਂ ਦੇ ਰੱਦ ਹੋਣ ਦੇ ਕਾਰਨਾਂ ਦਾ ਮੁਲਅੰਕਣ ਕੀਤਾ ਜਾ ਸਕੇ। ਬਲਾਕ ਮਿਸ਼ਨ ਮੈਨੇਜਰ ਸ਼ੰਮੀ ਠਾਕੁਰ ਨੇ ਪੀ.ਐਮ.ਵਿਸ਼ਵਕਰਮਾ ਅਤੇ ਨਲ ਜਲ ਮਿੱਤਰ ਸਕੀਮਾਂ ਦੀ ਪ੍ਰਗਤੀ ਸਬੰਧੀ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਾਲੇ ਤੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਹੋਈ ਹੈ, ਪ੍ਰੈਸ ਨੋਟਸ, ਸੋਸ਼ਲ ਮੀਡੀਆ ਰਾਹੀਂ ਕੀਤੇ ਗਏ ਪ੍ਰਚਾਰ ਕਾਰਨ 50 ਤੋਂ ਵੱਧ ਚਾਹਵਾਨ ਵਿਅਕਤੀਆਂ ਵੱਲੋਂ ਮੈਨੂਅਲ ਰਜਿਸਟ੍ਰੇਸ਼ਨ ਕਰਵਾਈ ਗਈ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਲੀਡ ਮੈਨੇਜਰ ਹਰਮੇਸ਼ ਲਾਲ, ਜ਼ਿਲ੍ਹਾ ਮੈਨੇਜਰ ਐਸ.ਸੀ.ਐਫ.ਸੀ ਸੁਰਿੰਦਰ ਕੌਰ, ਗੁਡ ਗਵਰਨੈੱਸ ਫੈਲੋ ਸੰਜਨਾ ਸਕਸੈਨਾ, ਪਲੇਸਮੈਂਟ ਅਫ਼ਸਰ ਅਮਿਤ ਕੁਮਾਰ, ਕਰੀਅਰ ਕੌਸਲਰ ਜਸਵੀਰ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਹਰਮਿੰਦਰ ਸਿੰਘ ਅਤੇ ਡੇਅਰੀ ਵਿਭਾਗ ਤੋਂ ਰਾਮ ਸ਼ਰਨ ਹਾਜ਼ਰ ਸਨ।