ਹੁਸ਼ਿਆਰਪੁਰ, 15 ਜੁਲਾਈ : ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿੱਥੇ ਲੋੜਵੰਦਾਂ, ਅੰਗਹੀਣਾਂ ਦੀ ਮਦਦ ਲਈ ਕਈ ਸਮਾਜ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉੱਥੇ ਹੀ ਵਿਦਿਆਰਥੀਆਂ ਲਈ ਕਿੱਤਾ ਮੁਖੀ ਸਿਖਲਾਈ ਕੇਂਦਰ ਵੀ ਚਲਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਬਿਊਟੀ ਪਾਰਲਰ, ਫੈਸ਼ਨ ਡਿਜ਼ਾਈਨਿੰਗ, ਅੰਗਰੇਜ਼ੀ-ਪੰਜਾਬੀ ਟਾਈਪਿੰਗ, ਪੰਜਾਬੀ ਸ਼ਾਰਟ ਹੈਂਡ ਅਤੇ ਕੰਪਿਊਟਰ ਵਰਗੇ ਕਿੱਤਾ ਮੁਖੀ ਕੋਰਸ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਦਾਖਲਾ ਲੈ ਕੇ ਵਿਦਿਆਰਥੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਦੀ ਆਖਰੀ ਮਿਤੀ 31 ਜੁਲਾਈ 2023 ਹੈ ਅਤੇ ਚਾਹਵਾਨ ਉਮੀਦਵਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰੈੱਡ ਕਰਾਸ ਦਫਤਰ, ਸਿਵਲ ਲਾਈਨ ਹੁਸ਼ਿਆਰਪੁਰ ਵਿਖੇ ਨਿੱਜੀ ਤੌਰ 'ਤੇ ਪੁੱਛਗਿੱਛ ਕਰ ਸਕਦੇ ਹਨ। ਇਸ ਤੋਂ ਇਲਾਵਾ ਫੋਨ ਨੰਬਰ 79737-99983, 94643-62567, 01882-221071 'ਤੇ ਵੀ ਜਾਣਕਾਰੀ ਲਈ ਜਾ ਸਕਦੀ ਹੈ। ਕੋਮਲ ਮਿੱਤਲ ਨੇ ਕਿਹਾ ਕਿ ਇਨ੍ਹਾਂ ਕਿੱਤਾ ਮੁਖੀ ਕੋਰਸਾਂ ਦਾ ਮੁੱਖ ਉਦੇਸ਼ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਘੱਟੋ-ਘੱਟ ਯੋਗਤਾ 10ਵੀਂ, 12ਵੀਂ ਪਾਸ ਹੈ ਅਤੇ ਇਹ ਕੋਰਸ ਨਵੀਨਤਮ ਸਿਲੇਬਸ ਅਨੁਸਾਰ 6 ਮਹੀਨੇ ਜਾਂ 1 ਸਾਲ ਦੀ ਮਿਆਦ ਦੇ ਹਨ। ਉਨ੍ਹਾਂ ਕਿਹਾ ਕਿ ਉਦਯੋਗ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਦੀ ਵਰਤੋਂ ਕਰਕੇ ਸਿਧਾਂਤਕ ਅਤੇ ਪ੍ਰੈਕਟੀਕਲ ਗਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੇ ਮੁਕੰਮਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ।