ਹੁਸ਼ਿਆਰਪੁਰ, 11 ਸਤੰਬਰ : ਸ੍ਰੀ ਆਤਮਾ ਨੰਦ ਜੈਨ ਸਭਾ ਹੁਸ਼ਿਆਰਪੁਰ ਵੱਲੋਂ ਅੱਜ ਤੀਰਥਾਂਕਰ ਪਾਰਸ਼ਵਨਾਥ ਭਗਵਾਨ ਦੀ ਰੱਥ ਯਾਤਰਾ ਕੱਢੀ ਗਈ। ਜੈਨ ਮੰਦਰ ਸ਼ੀਸ਼ ਮਹਿਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਇਹ ਰੱਥ ਯਾਤਰਾ ਵਾਪਸ ਜੈਨ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਸਭਾ ਦੇ ਪ੍ਰਧਾਨ ਮਦਨ ਲਾਲ ਜੈਨ, ਮਹਾਂਮੰਤਰੀ ਸ਼੍ਰੀਆਂਸ਼ ਜੈਨ ਅਤੇ ਸਮੁੱਚੀ ਕਾਰਜਕਾਰਨੀ ਦੀ ਅਗਵਾਈ ਹੇਠ ਕੱਢੀ ਗਈ ਇਸ ਰੱਥ ਯਾਤਰਾ ਦਾ ਵੱਖ-ਵੱਖ ਥਾਈਂ ਸ਼ਾਨਦਾਰ ਸਵਾਗਤ ਕੀਤਾ ਗਿਆ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਰੱਥ ਯਾਤਰਾ ਵਿਚ ਸ਼ਿਰਕਤ ਕਰਦਿਆਂ ਸਮੁੱਚੇ ਜੈਨ ਸਮਾਜ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜੈਨ ਧਰਮ ਸਾਨੂੰ ਸੱਚ, ਕਰਮ ਅਤੇ ਅਹਿੰਸਾ ਦਾ ਮਾਰਗ ਦਿਖਾਉਂਦਾ ਹੈ। ਉਨ੍ਹਾਂ ਦੱਸਿਆ ਕਿ ਜੈਨ ਧਰਮ ਦੇ ਪਰਵ 12 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ, ਜਿਸ ਸਬੰਧੀ ਜੈਨ ਭਾਈਚਾਰੇ ਵੱਲੋਂ ਇਹ ਸ਼ਾਨਦਾਰ ਰੱਥ ਯਾਤਰਾ ਕੱਢੀ ਗਈ ਹੈ। ਇਸ ਰੱਥ ਯਾਤਰਾ ਵਿਚ ਨਗਰ ਨਿਗਮ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸੁਮੇਸ਼ ਸੋਨੀ, ਅਦਿੱਤਿਆ ਜੈਨ ਕਾਕੂ ਤੋਂ ਇਲਾਵਾ ਕੌਂਸਲਰ ਸਾਹਿਬਾਨ, ਸਹਿਰ ਦੀਆਂ ਹੋਰਨਾਂ ਪ੍ਰਮੁੱਖ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।