- ਕਣਕ ਬੀਜ ਸਬਸਿਡੀ ‘ਤੇ ਲੈਣ ਲਈ ਕਿਸਾਨ ਪੋਰਟਲ ਉਤੇ ਕਰਨ ਅਪਲਾਈ
ਨਵਾਂਸ਼ਹਿਰ, 17 ਅਕਤੂਬਰ : ਮੁੱਖ ਖੇਤੀਬਾੜੀ ਅਫਸਰ ਡਾ. ਗੁਰਦੇਵ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਿਆਮ ਅਤੇ ਬੇਗਮਪੁਰ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ‘ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਮਿੱਟੀ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੋ ਜਾਂਦੇ ਹਨ। ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਲਾਹੇਵੰਦ ਜੀਵ-ਜੰਤੂਆਂ ‘ਤੇ ਮਾੜਾ ਅਸਰ ਪੈਂਦਾ ਹੈ। ਪਰਾਲੀ ਸਾੜਨ ਨਾਲ ਉਸ ਵਿੱਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਨ੍ਹਾਂ ਦਾ ਮਨੁੱਖੀ ਸਿਹਤ ‘ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਵਾਤਾਵਰਣ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਖੇਤਾਂ ਵਿੱਚ ਵਾਹਿਆ ਜਾਵੇ, ਤਾਂ ਪ੍ਰਤੀ ਟਨ ਪਰਾਲੀ ਖੇਤ ਵਿੱਚ ਮਿਲਾਉਣ ਨਾਲ ਪੰਜ ਕਿੱਲੋ ਨਾਈਟ੍ਰੋਜਨ, 2.3 ਕਿੱਲੋ ਫਾਸਫੋਰਸ, 2.5 ਕਿੱਲੋ ਪੋਟਾਸ਼ੀਅਮ ਅਤੇ 400 ਕਿੱਲੋਮੀਟਰ ਆਰਗੈਨਿਕ ਮੈਟਰ ਨਸ਼ਟ ਹੁੰਦੇ ਹਨ। ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਸਿੰਘ ਨੇ ਝੋਨੇ, ਬਾਸਮਤੀ ਅਤੇ ਗੰਨੇ ਦੀ ਫ਼ਸਲ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਬੀਜ ਨੂੰ ਸੋਧ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਕਣਕ ਬੀਜ ਪ੍ਰਾਪਤ ਕਰਨ ਲਈ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖਾਦ, ਬੀਜ ਤੇ ਦਵਾਈਆਂ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2023-24 ਦੌਰਾਨ ਸਬਸਿਡੀ ‘ਤੇ ਕਣਕ ਬੀਜ ਪ੍ਰਾਪਤ ਕਰਨ ਲਈ ਕਿਸਾਨ ਐਗਰੀ ਮਸ਼ੀਨਰੀ ਪੋਰਟਲ ‘ਤੇ ਆਨਲਾਈਨ ਅਪਲਾਈ ਕਰਨ। ਇੱਕ ਕਿਸਾਨ ਵੱਧ ਤੋਂ ਵੱਧ ਪੰਜ ਏਜੜ ਦਾ ਬੀਜ ਲੈ ਸਕਦਾ ਹੈ। ਖੇਤੀਬਾੜੀ ਵਿਸਥਾਰ ਅਫ਼ਸਰ ਅੰਮ੍ਰਿਤਪਾਲ ਕੌਰ ਨੇ ਕਿਸਾਨਾਂ ਨੂੰ ਖੇਤੀ ਮਸ਼ੀਨਾਂ ਦੀ ਸੁਚੱਜੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪਰਮਵੀਰ ਕੌਰ ਡੀ.ਪੀਡੀ ਆਤਮਾ ਨੇ ਕਿਸਾਨਾਂ ਨੂੰ ਮਿੱਟੀ ਪਰਖ ਕਰਨ ਦੀ ਮਹੱਤਤਾ ਤੇ ਸੰਤੁਲਿਤ ਖਾਦਾਂ ਪਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਖੇਤਬਾੜੀ ਉਪ-ਨਿਰੀਖਕ ਸਰਬਜੀਤ ਸਿੰਘ, ਕੁਲਜਿੰਦਰ ਕੁਮਾਰ ਏ.ਟੀ.ਐਮ, ਰਾਮ ਲੁਭਾਇਆ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਭਾਗ ਲਿਆ ਗਿਆ।