- ਖੇਤੀਬਾੜੀ ਵਿਭਾਗ ਵਲੋਂ ਪਸ਼ੂਆਂ ਲਈ ਚਾਰਾ, ਫੀਡ ਤੇ ਅਗਲੀ ਫਸਲ ਲਈ ਪਨੀਰੀ ਬੀਜਣ ਵਾਸਤੇ ਵੰਡਿਆ ਜਾ ਰਿਹੈ ਬੀਜ਼
ਸੁਲਤਾਨਪੁਰ ਲੋਧੀ, 15 ਜੁਲਾਈ : ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਲੋਕਾਂ ਦੇ ਜਾਨ ਦੀ ਰਾਖੀ ਤੋਂ ਪਿੱਛੋਂ ਹੁਣ ਪਸ਼ੂ ਧੰਨ ਦੀ ਸਾਂਭ ਸੰਭਾਲ ਤੇ ਕਿਸਾਨਾਂ ਨੂੰ ਅਗਲੀ ਫਸਲ ਲਈ ਬੀਜ ਤੇ ਪਨੀਰੀ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਯਤਨਸ਼ੀਲ ਹੈ। ਜਿਕਰਯੋਗ ਹੈ ਕਿ ਪਾਣੀ ਵਿੱਚ ਫਸੇ ਲਗਭਗ 450 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਕੁਦਰਤ ਦੀ ਇਸ ਮਾਰ ਵਿਚ ਸਥਾਨਕ ਲੋਕਾਂ, ਨੇੜਲੇ ਪਿੰਡਾਂ ਦੇ ਵਾਸੀਆਂ ਨੇ ਰਾਹਤ ਕਾਰਜਾਂ ਵਿਚ ਵੱਡੀ ਭੂਮਿਕਾ ਨਿਭਾਈ ਹੈ, ਜਿਸ ਲਈ ਉਹ ਪਿੰਡਾਂ ਵਾਲੇ ਲੋਕਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲੋਕਾਂ ਦੀ ਜਾਨ ਦੀ ਸਲਾਮਤੀ ਪਹਿਲ ਸੀ, ਜਿਸ ਵਿਚ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਪਸ਼ੂ ਧੰਨ ਦੀ ਸਾਂਭ ਸੰਭਾਲ ਤੇ ਕਿਸਾਨਾਂ ਨੂੰ ਅਗਲੀ ਫਸਲ ਬੀਜਣ ਵਿਚ ਸਹਾਇਤਾ ਲਈ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਅਗਲੀ ਫਸਲ ਦੀ ਬਿਜਾਈ ਲਈ ਬੀਜ ਦਿੱਤਾ ਜਾ ਰਿਹਾ ਹੈ, ਜਿਸਦੀ ਪਨੀਰੀ ਬੀਜਣ ਲਈ ਨੇੜਲੇ ਪਿੰਡਾਂ ਦੇ ਲੋਕ ਅੱਗੇ ਆਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਨੀਰੀ ਬੀਜਣ ਲਈ 1509, ਪੀ.ਆਰ. 126 ਤੇ 1692 ਬਾਸਮਤੀ ਦਾ 35 ਕੁਇੰਟਲ ਬੀਜ ਦਿੱਤਾ ਗਿਆ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਬਲਬੀਰ ਚੰਦ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਜਿੱਥੇ 200 ਕੁਇੰਟਲ ਤੋਂ ਵੱਧ ਸੁੱਕਾ ਚਾਰਾ (ਸਾਈਲੇਜ) ਪ੍ਰਭਾਵਿਤ ਪਿੰਡਾਂ ਵਿਚ ਵੰਡਿਆ ਗਿਆ ਉੱਥੇ ਹੀ ਫਗਵਾੜਾ ਬਲਾਕ ਤੋਂ 25 ਕੁਇੰਟਲ ਫੀਡ ਵੀ ਭੇਜੀ ਗਈ ਹੈ, ਜੋ ਕਿ ਪਸ਼ੂ ਮਾਲਕਾਂ ਵਿਚ ਵੰਡੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਲ੍ਹੇ ਦੇ ਹੋਰਨਾਂ ਖੇਤਰਾਂ ਜਿਵੇਂ ਕਿ ਨਡਾਲਾ, ਕਪੂਰਥਲਾ ਆਦਿ ਤੋਂ ਰੋਜ਼ਾਨਾ ਹਰੇ ਚਾਰੇ ਦੀਆਂ ਟਰਾਲੀਆਂ ਲਿਆਕੇ ਪਸ਼ੂਆਂ ਲਈ ਚਾਰਾ ਵੰਡਿਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਤੇ ਖੇਤੀਬਾੜੀ ਵਿਸਥਾਰ ਅਫਸਰ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜੈਨਪੁਰ, ਠੱਠਾ, ਦੋਦਾ ਵਜ਼ੀਰ, ਮੋਠਾਂਵਾਲ ਵਿਖੇ ਕਿਸਾਨਾਂ ਵਲੋਂ ਹੜ੍ਹ ਦੀ ਮਾਰ ਹੇਠ ਆਏ ਕਿਸਾਨਾਂ ਲਈ ਪਨੀਰੀ ਦੀ ਬਿਜਾਈ ਕੀਤੀ ਗਈ ਹੈ, ਜੋ ਕਿ ਲਗਭਗ 20 ਤੋਂ 25 ਦਿਨ ਵਿਚ ਤਿਆਰ ਹੋਵੇਗੀ, ਜਿਸ ਨਾਲ ਕਿਸਾਨ ਅਗਲੀ ਫਸਲ ਬੀਜ ਸਕਣਗੇ।