- ਪਿੰਡ ਨੰਗਲ ਅਵਾਣਾ ਅਤੇ ਬੜਿਆਲ ਤੋਂ ਕੀਤੀ ਗਈ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ
- ਕਿਹਾ, ਪਰਾਲੀ ਨੂੰ ਅੱਗ ਲਗਾਉਣੀ ਜ਼ਮੀਨ, ਵਾਤਾਵਰਨ, ਮਨੁੱਖਾਂ ਅਤੇ ਹੋਰਨਾਂ ਜੀਵ-ਜੰਤੂਆਂ ਲਈ ਵੀ ਬੇਹੱਦ ਹਾਨੀਕਾਰਕ
ਮੁਕੇਰੀਆਂ, 23 ਸਤੰਬਰ : ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਜਾਗਰੂਕਤਾ ਮੁਹਿੰਮ ਤਹਿਤ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ ਕਰਨ ਲਈ ਖੇਤੀਬਾੜੀ ਦਫਤਰ ਮੁਕੇਰੀਆਂ ਵੱਲੋਂ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ 30 ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਵੱਲੋਂ ਖੇਤੀਬਾੜੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਕੈਂਪਾਂ ਸਬੰਧੀ ਕਲਸਟਰ ਤੇ ਨੋਡਲ ਅਫਸਰ ਨਿਯੁਕਤ ਕੀਤੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਤੱਕ ਚੱਲਣ ਵਾਲੇ ਇਨ੍ਹਾਂ ਕੈਂਪਾਂ ਦੀ ਸ਼ੁਰੂਆਤ ਪਿੰਡ ਨੰਗਲ ਅਵਾਣਾ ਅਤੇ ਬੜਿਆਲ ਤੋਂ ਕਰ ਦਿੱਤੀ ਗਈ ਹੈ। ਉਨ੍ਹਾਂ ਸਮੂਹ ਸਬੰਧਿਤ ਵਿਭਾਗਾਂ ਨੂੰ ਇਸ ਜਾਗਰੂਕਤਾ ਮੁਹਿੰਮ ਵਿਚ ਤਨਦੇਹੀ ਨਾਲ ਜੁੱਟ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਰਾਲੀ ਅਤੇ ਫਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣੀ ਜ਼ਮੀਨ ਦੀ ਸਿਹਤ ਦੇ ਨਾਲ ਵਾਤਾਵਰਨ, ਮਨੁੱਖਾਂ ਅਤੇ ਹੋਰਨਾਂ ਜੀਵ-ਜੰਤੂਆਂ ਲਈ ਵੀ ਬੇਹੱਦ ਹਾਨੀਕਾਰਕ ਹੈ। ਇਸ ਲਈ ਯੋਗ ਢੰਗ ਨਾਲ ਇਸ ਦਾ ਪ੍ਰਬੰਧਨ ਕੀਤਾ ਜਾਣਾ ਜ਼ਰੂਰੀ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਇਲਾਵਾ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਐਸ.ਡੀ.ਐਮ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਡਾ. ਰਮਿੰਦਰ ਸਿੰਘ ਧੰਜੂ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਵਿਨੈ ਕੁਮਾਰ ਦੀ ਅਗਵਾਈ ਹੇਠ ਪਿੰਡ ਨੰਗਲ ਅਵਾਣਾ ਅਤੇ ਬੜਿਆਲ ਵਿਚ ਲਗਾਏ ਗਏ ਕੈਂਪਾਂ ਰਾਹੀਂ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਨ੍ਹਾਂ ਕੈਂਪਾਂ ਵਿਚ ਮ੍ਰਨਿੰਰਦਪਾਲ (ਖੇਤੀਬਾੜੀ ਵਿਸਥਾਰ ਅਫਸਰ, ਭੰਗਾਲਾ) ਨੇ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਪਰਾਲੀ ਸਾਂਭਣ ਦੀਆਂ ਵੱਖ-ਵੱਖ ਤਕਨੀਕਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਗੁਰਦਿੱਤ ਸਿੰਘ (ਖੇਤੀਬਾੜੀ ਵਿਸਥਾਰ ਅਫਸਰ, ਹਰਦੋਖੁੰਦਪੁਰ) ਵੱਲੋਂ ਪੰਜਾਬ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਵੱਖ-ਵੱਖ ਮਸ਼ੀਨਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਖਾਦਾਂ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ। ਪਸ਼ੂ ਪਾਲਣ ਵਿਭਾਗ ਤੋਂ ਵੈਟਰਨਰੀ ਇੰਸਪੈਕਟਰ ਵਿਕਾਸ ਅਤੇ ਲਖਬੀਰ ਸਿੰਘ ਨੇ ਪਸ਼ੂਆ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਸੰਖੇਪ ਵਿਚ ਚਾਨਣਾ ਪਾਇਆ। ਇਨ੍ਹਾਂ ਕੈਂਪਾਂ ਵਿਚ ਪਿੰਡ ਨੰਗਲ ਅਵਾਣਾ ਦੇ ਨਰੇਸ਼ ਕੁਮਾਰ (ਸੋਸਾਇਟੀ ਸੈਕਟਰੀ) , ਸੌਰਵ ਕੁਮਾਰ (ਸਰਪੰਚ) ਅਤੇ ਪਿੰਡ ਬੜਿਆਲ ਸੁਰਿੰਦਰ ਸਿੰਘ , ਵਿਸ਼ਾਲ ਸਿੰਘ, ਸਾਹਿਲ ਕੁਮਾਰ , ਵਰਿੰਦਰ ਸਿੰਘ , ਪਰਮਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਵੀ ਹਿੱਸਾ ਗਿਆ।