ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ

  • ਦਫ਼ਤਰਾਂ ਅੱਗੇ ਲੱਗੀਆਂ ਲੰਬੀਆਂ ਕਤਾਰਾਂ

ਚੰਡੀਗੜ੍ਹ, 4 ਅਕਤੂਬਰ 2024 : ਪੰਚਾਇਤੀ ਚੋਣਾਂ ਲਈ ਪ੍ਰਸਾਸ਼ਨ ਵਲੋਂ ਤੇ ਉਮੀਦਵਾਰਾਂ ਵੱਲੋਂ ਪੂਰੀ ਤਿਆਰੀ ਖਿੱਚੀ ਹੋਈ ਹੈ, ਪ੍ਰਸਾਸ਼ਨ ਵਲੋਂ ਹਰ ਸੰਭਵ ਤਿਆਰੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।  ਪਰ ਅੱਜ ਨਾਮਜ਼ਦਗੀ ਦਾਖਲ ਕਰਨ ਦੇ ਆਖ਼ਰੀ ਦਿਨ ਦਫ਼ਤਰਾਂ ਵਿੱਚ ਲੰਬੀਆਂ ਕਤਾਰਾਂ ਹਨ। ਸ਼੍ਰੀ ਆਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਦੇ ਬਾਹਰ ਵੀ ਸਥਿਤੀ ਅਜਿਹੀ ਹੈ, ਜਿੱਥੇ ਲੋਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ ਹਨ। ਜਾਣਕਾਰੀ ਦੇ ਮੁਤਾਬਿਕ ਹੁਣ ਤੱਕ 13,237 ਪੰਚਾਇਤਾਂ ਲਈ ਲਗਭਗ 1446 ਨਾਮਜਦਗੀਆਂ ਦਾਖਲ ਹੋਈਆਂ ਸਨ ਅਤੇ ਹੁਣ ਅੱਜ ਅੰਤਿਮ ਦਿਨ ਹੋਣ ਦੇ ਚਲਦੇ ਵੱਡੀ ਗਿਣਤੀ ਵਿੱਚ ਲੋਕ ਨਾਮਜ਼ਦਗੀ ਦਾਖਲ ਕਰਨ ਲਈ ਪਹੁੰਚ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਅੱਜ ਤੋਂ ਪਹਿਲਾਂ ਤੱਕ ਲੋਕ ਇਕ ਦੂਜੇ ਨੂੰ ਮਨਾਉਂਦੇ ਰਹੇ ਅਤੇ ਸੋਚਦੇ ਰਹੇ ਕਿ ਸਹਿਮਤੀ ਨਾਲ ਪੰਚ -ਸਰਪੰਚ ਚੁਣੇ ਜਾ ਸਕਣ ਪਰ ਅਜਿਹਾ ਸੰਭਵ ਕੁਝ ਥਾਵਾਂ ਤੇ ਹੀ ਹੋ ਸਕਿਆ। ਹੁਣ ਇਸ ਕਰਕੇ ਵੱਡੀ ਗਿਣਤੀ ’ਚ ਲੋਕ ਨਾਮਜ਼ਦਗੀ ਦਾਖਲ ਕਰਨ ਪਹੁੰਚ ਰਹੇ ਹਨ। ਪਰ ਜਿਸ ਹਿਸਾਬ ਨਾਲ ਲੋਕ ਪਹੁੰਚੇ ਹਨ ਕਿਹਾ ਇਹ ਵੀ ਜਾ ਸਕਦਾ ਹੈ ਕਿ ਕੁਝ ਇੱਕ ਦਾ ਨਾਮਜ਼ਦਗੀ ਪੱਤਰ ਸ਼ਾਇਦ ਵਕਤ ਦੀ ਪਾਬੰਦੀ ਨੂੰ ਦੇਖਦੇ ਹੋਏ ਨਾ ਦਾਖਲ ਹੋਵੇ। ਪੰਜਾਬ ਦੀਆਂ 13,237 ਪੰਚਾਇਤਾਂ ਲਈ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪੰਚਾਂ-ਸਰਪੰਚਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਸਾਰੀਆਂ ਨਾਮਜ਼ਦਗੀਆਂ ਦੀ ਪੜਤਾਲ 5 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਤੋਂ ਬਾਅਦ 7 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਮ ਵਾਪਸ ਲੈ ਸਕਣਗੇ। ਵੋਟਿੰਗ 15 ਅਕਤੂਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਪੰਚਾਇਤੀ ਚੋਣਾਂ ਵਿੱਚ 13,237 ਸਰਪੰਚ ਅਤੇ 83,437 ਪੰਚ ਚੁਣੇ ਜਾਣਗੇ। ਚੋਣਾਂ ਵਿੱਚ 1,33,97,922 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਲਈ 19,110 ਪੋਲਿੰਗ ਸਟੇਸ਼ਨ ਬਣਾਏ ਹਨ। ਚੋਣ ਕਮਿਸ਼ਨ ਮੁਤਾਬਕ ਬੈਲਟ ਪੇਪਰ ‘ਤੇ ਵੀ ਨੋਟਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋਈ ਸੀ, ਜੋ 4 ਅਕਤੂਬਰ ਤੱਕ ਜਾਰੀ ਰਹੇਗੀ ਪਰ ਦੋ ਦਿਨ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਨਹੀਂ ਹੋ ਸਕੀ।